ਵਾਸ਼ਿੰਗਟਨ, 1 ਸਤੰਬਰ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕਰੇਨ ਦੇ ਆਪਣੇ ਹਮਰੁਤਬਾ ਵਲੋਦੀਮੀਰ ਜੇਲੇਂਸਕੀ ਨਾਲ ਵਾਈਟ ਹਾਊਸ ਵਿੱਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਯੂਕਰੇਨ ਨੂੰ ਮਿਲਟਰੀ ਮਦਦ ਦੇ ਰੂਪ ਵਿੱਚ 6 ਕਰੋੜ ਡਾਲਰ ਦੇਣ ਦਾ ਵਾਅਦਾ ਕੀਤਾ ਹੈ।
ਬਾਈਡੇਨ ਪ੍ਰਸ਼ਾਸਨ ਨੇ ਕਾਂਗਰਸ ਨੂੰ ਇਕ ਨੋਟੀਫਿਕੇਸ਼ਨ ਵਿੱਚ ਦੱਸਿਆ ਕਿ ਯੂਕਰੇਨ ਲਈ ਸਹਾਇਤਾ ਪੈਕੇਜ ਉਸ ਦੀ ਸਰਹੱਦ ਪਾਰ ਰੂਸੀ ਮਿਲਟਰੀ ਗਤੀਵਿਧੀ ਵਿੱਚ ਵੱਡੇ ਵਾਧੇ ਅਤੇ ਮੋਰਟਾਰ ਹਮਲਿਆਂ, ਜੰਗਬੰਦੀ ਸਮਝੌਤਿਆਂ ਦੀ ਉਲੰਘਣਾ ਅਤੇ ਉਕਸਾਵੇ ਦੀਆਂ ਹੋਰ ਕਾਰਵਾਈਆਂ ਕਾਰਨ ਜ਼ਰੂਰੀ ਹੈ। ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਕਿ ਯੂਕਰੇਨ ਦੀ ਸਰਹੱਦ ਤੇ ਰੂਸ ਦੇ ਨਿਰਮਾਣ ਨੇ ਯੂਕਰੇਨੀ ਸੈਨਾ ਦੀ ਰੂਸ ਦੀ ਘੁਸਪੈਠ ਰੋਕਣ ਦੀ ਸਮਰੱਥਾ ਵਿੱਚ ਕਮੀ ਨੂੰ ਉਜਾਗਰ ਕੀਤਾ ਹੈ। ਰੂਸੀ ਖਤਰੇ ਨਾਲ ਨਜਿੱਠਣ ਲਈ ਯੂਕਰੇਨ ਦੀਆਂ ਇਹਨਾਂ ਕਮੀਆਂ ਨੂੰ ਦੂਰ ਕਰਨ ਦੀ ਤੁਰੰਤ ਲੋੜ ਹੈ।
ਜੇਲੇਂਸਕੀ ਵਾਈਟ ਹਾਊਸ ਵਿੱਚ ਬਾਈਡੇਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਪ੍ਰਸ਼ਾਸਨ ਕ੍ਰੀਮੀਆ ਤੇ ਰੂਸ ਦੇ ਕਬਜ਼ੇ ਅਤੇ ਦੇਸ਼ ਦੇ ਪੂਰਬੀ ਖੇਤਰ ਦੀ ਪ੍ਰਭੂਸੱਤਾ ਲਈ ਇਕਜੁੱਟਤਾ ਜ਼ਾਹਰ ਕਰ ਸਕਦਾ ਹੈ।
ਜੇਲੇਂਸਕੀ ਯੂਕਰੇਨ ਤੋਂ ਲੰਘਣ ਵਾਲੀ ਜਰਮਨੀ ਦੀ ਨੋਰਡ ਸਟ੍ਰੀਮ 2 ਪਾਈਪਲਾਈਨ ਦੇ ਨਿਰਮਾਣ ਵਿੱਚ ਰੁਕਾਵਟ ਪੈਦਾ ਨਾ ਕਰਨ ਦੇ ਵਾਸ਼ਿੰਗਟਨ ਦੇ ਫ਼ੈਸਲੇ ਪ੍ਰਤੀ ਸਮਰਥਨ ਵੀ ਜਾਹਰ ਕਰ ਸਕਦੇ ਹਨ।