ਚੰਡੀਗੜ੍ਹ, 4 ਜੁਲਾਈ 2020 – ਪਬਜੀ ਗੇਮ ਦੇ ਸ਼ੌਕੀਨ ਇੱਕ ਨਾਬਾਲਿਗ ਮੁੰਡੇ ਵੱਲੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮੀਡੀਆ ‘ਚੋਂ ਮਿਲ ਰਹੀਆਂ ਖਬਰਾਂ ਅਨੁਸਾਰ ਇੱਕ ਪਬਜੀ ਗੇਮ ਦੇ ਸ਼ੌਕੀਨ ਇੱਕ 17 ਸਾਲ ਦੇ ਨਾਬਾਲਿਗ ਮੁੰਡੇ ਨੇ 16 ਲੱਖ ਰੁਪਏ ਖਰਚ ਦਿੱਤੇ ਅਤੇ ਆਪਣੇ ਮਾਪਿਆਂ ਦੀ ਕੀਤੀ ਅਤੇ ਸਾਂਭ ਕੇ ਰੱਖੀ ਕਮਾਈ ਨੂੰ ਫਜ਼ੂਲ ਹੀ ਉਡਾ ਦਿੱਤਾ। ਉਸ ਨੇ ਗੇਮ ਨੂੰ ਅਪਗ੍ਰੇਡ ਕਰਨ ਤੇ ਗੇਮ ‘ਚ ਇੱਕ ਮਹੀਨੇ ‘ਚ ਮਾਸਟਰ ਬਣਨ ਲਈ ਗੇਮ ਅੰਦਰ ਵਰਚੂਅਲ ਬਾਰੂਦ, ਪਾਸ ਤੇ ਆਰਟੀਲਰੀ ਖਰੀਦੀ, ਉਸ ਤੋਂ ਬਿਨਾਂ ਉਸ ਨੇ ਆਪਣੇ ਲਈ ਤਾਂ ਇਹ ਸਭ ਕੁੱਝ ਕੀਤਾ ਹੀ ਸਗੋਂ ਆਪਣੇ ਦੋਸਤਾਂ ‘ਤੇ ਵੀ ਪੈਸੇ ਖਰਚੇ। ਨਾਬਾਲਗ ਲੜਕੇ ਨੇ ਕਥਿਤ ਤੌਰ ਤੇ ਤਿੰਨ ਬੈਂਕ ਅਕਾਊਂਟਸ ਦੀ ਵਰਤੋਂ ਕਰ ਗੇਮ ‘ਚ ਖਰੀਦਦਾਰੀ ਕੀਤੀ।
ਮੀਡੀਆ ਰਿਪੋਰਟਾਂ ਦੀ ਖਬਰ ਅਨੁਸਾਰ ਨੌਜਵਾਨ ਪੜ੍ਹਨ ਲਈ ਮੋਬਾਈਲ ਫੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਦਾ ਸੀ, ਪਰ ਅਸਲ ‘ਚ ਉਹ ਪੜ੍ਹਨ ਨਾਲੋਂ ਪਬਜੀ ਗੇਮ ਖੇਡਣ ਲਈ ਆਪਣਾ ਸਮਾਂ ਜ਼ਿਆਦਾ ਬਿਤਾਉਂਦਾ ਸੀ।
ਮਾਪਿਆਂ ਨੂੰ ਇਹ ਗੱਲ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਨ੍ਹਾਂ ਨੇ ਆਪਣੇ ਬੈਂਕ ਖਾਤਿਆਂ ਤੱਕ ਪਹੁੰਚ ਕੀਤੀ ਅਤੇ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚੇ ਨੇ ਇੱਕ ਗੇਮ ‘ਤੇ ਹੀ ਤਕਰੀਬਨ 16 ਲੱਖ ਰੁਪਏ ਖਰਚ ਦਿੱਤੇ। ਮੀਡੀਆ ਰਿਪੋਰਟਾਂ ਅਨੁਸਾਰ ਉਹ ਪਬਜੀ ਗੇਮ ਖੇਡਣ ਲਈ ਆਪਣੀ ਮਾਂ ਦਾ ਮੋਬਾਈਲ ਫੋਨ ਦੀ ਵਰਤੋਂ ਕਰਦਾ ਸੀ ਜਦੋਂ ਉਸ ਨੇ ਕੋਈ ਵਰਜਨ ਅਪਡੇਟ ਕਰਨਾ ਹੁੰਦਾ ਸੀ ਅਤੇ ਮੈਸੇਜਾਂ ਨੂੰ ਡਿਲੀਟ ਕਰ ਦਿੰਦਾ ਸੀ। ਉਸਦੇ ਪਿਤਾ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਦੇ ਭਵਿੱਖ ਅਤੇ ਮੈਡੀਕਲ ਸਹੂਲਤਾਂ ਲਈ ਪੈਸੇ ਦੀ ਬੱਚਤ ਕੀਤੀ ਸੀ।
ਮੁੰਡੇ ਦਾ ਪਿਤਾ ਇੱਕ ਸਰਕਾਰੀ ਕਰਮਚਾਰੀ ਹੈ ਅਤੇ ਉਹ ਘਰ ਤੋਂ ਦੂਰ ਆਪਣੀ ਪੋਸਟਿੰਗ ਵਾਲੀ ਥਾਂ ‘ਤੇ ਤਾਇਨਾਤ ਸੀ ਜਦੋਂ ਉਸ ਦੇ ਪੁੱਤ ਪਬਜੀ ਮੋਬਾਈਲ ਗੇਮ ‘ਤੇ ਸਾਰੇ ਹੀ ਪੈਸੇ ਖਰਚ ਦਿੱਤੇ। ਨਾਬਾਲਗ ਫੜੇ ਜਾਣ ਤੋਂ ਬਚਣ ਲਈ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਵਿਚ ਪੈਸੇ ਬਦਲਦਾ ਰਹਿੰਦਾ ਸੀ।