2015 ‘ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਦੋਸ਼ ‘ਚ 7 ਡੇਰਾ ਸ਼ਰਧਾਲੂ ਗ੍ਰਿਫ਼ਤਾਰ
ਫ਼ਰੀਦਕੋਟ, 4 ਜੁਲਾਈ, 2020 : ਪੰਜਾਬ ਪੁਲਿਸ ਦੇ ਡੀ ਆਈ ਜੀ ਜਲੰਧਰ ਰਣਬੀਰ ਖੱਟੜਾ ਦੀ ਅਗਵਾਈ ਹੇਠਲੀ ਐਸ ਆਈ ਟੀ ਨੇ ਅੱਜ ਤੜਕੇ 5 ਵਜੇ ਵੱਡੀ ਕਾਰਵਾਈ ਕਰਦਿਆਂ 2015 ਵਿਚ 1 ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਦੇ ਦੋਸ਼ ਵਿਚ ਡੇਰਾ ਸਿਰਸਾ ਦੇ 7 ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਘਟਨਾ ਮਗਰੋਂ ਪੰਜਾਬ ਵਿਚ ਬੇਅਦਬੀ ਮਾਮਲੇ ‘ਤੇ ਵੱਡਾ ਤੂਫ਼ਾਨ ਖੜ•ਾ ਹੋ ਗਿਆ ਸੀ।
ਇਹ ਜਾਣਕਾਰੀ ਦਿੰਦੇ ਹੋਏ ਖਟੜਾ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਇਨ੍ਹਾਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ. ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਸੁਖਜਿੰਦਰ ਸਿੰਘ, ਨੀਲਾ, ਰਣਜੀਤ, ਭੋਲਾ, ਨਿਸ਼ਾਨ, ਬਲਜੀਤ ਸਿੰਘ ਤੇ ਨਰਿੰਦਰ ਸ਼ਰਮਾ ਸ਼ਾਮਲ ਹਨ ਜੋ ਸਾਰੇ ਹੀ ਫ਼ਰੀਦਕੋਟ ਦੇ ਰਹਿਣ ਵਾਲੇ ਹਨ।
ਯਾਦ ਰਹੇ ਕਿ 2018 ਵਿਚ ਖੱਟੜਾ ਦੀ ਅਗਵਾਈ ਵਾਲੀ ਟੀਮ ਨੇ ਬੇਅਦਬੀ ਘਟਨਾਵਾਂ ਤੇ ਦੰਗੇ ਕਰਨ ਦੇ ਦੋਸ਼ ਵਿਚ 20 ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਵਿਚ ਇਕ ਮਹਿੰਦਰਪਾਲ ਬਿੱਟੂ ਵੀ ਸ਼ਾਮਲ ਸੀ ਜਿਸ ਨੂੰ 2019 ਵਿਚ ਨਾਭਾ ਜੇਲ੍ਹ ਵਿਚ ਕਤਲ ਕਰ ਦਿੱਤਾ ਗਿਆ ਸੀ।