ਅੰਮ੍ਰਿਤਸਰ , 19 ਫਰਵਰੀ 2024 : ਸਿੱਖ ਪਰੰਪਰਾਵਾਂ ਦੀ ਸਥਾਪਤੀ ਲਈ 1902 ਵਿੱਚ ਸੰਗਠਨ ਹੋਈ, ਇਤਿਹਾਸਕ ਸੰਸਥਾ ਚੀਫ਼ ਖਾਲਸਾ ਦੀਵਾਨ ਦੀ ਚੋਣ ਸਮੇਂ ਬਹੁਗਿਣਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਹਾਰਦਿਕ ਵਧਾਈ ਦਿਤੀ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਡਾ. ਨਿੱਝਰ ਅਤੇ ਉਨ੍ਹਾਂ ਦੀ ਬਣੀ ਨਵੀਂ ਟੀਮ ਚੀਫ਼ ਖਾਲਸਾ ਦੀਵਾਨ ਦੇ ਉਜਵੱਲ ਭਵਿੱਖ ਲਈ ਚੰਗੇਰੇ ਤੇ ਅਗਾਂਹਵਧੂ ਕਾਰਜਾਂ ਨਾਲ ਆਪਣੀ ਟੀਮ ਨਾਲ ਹੋਰ ਵਧੀਆਂ ਛਾਪ ਬਨਾਉਣਗੇਂ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਸੰਸਥਾ ਨੇ ਕੌਮ ਦੀ ਉਸ ਸਮੇਂ ਅਗਵਾਈ ਕੀਤੀ ਸੀ ਜਦੋਂ ਸਭ ਪਾਸਿਓ ਬਹੁਤ ਮਾਰੂ ਹਮਲੇ ਹੋ ਰਹੇ ਸਨ। ਬਾਬਾ ਬਲਬੀਰ ਸਿੰਘ ਨੇ ਆਸ ਪ੍ਰਗਟ ਕੀਤੀ ਕਿ ਸੰਸਥਾ ਆਉਣ ਵਾਲੇ ਸਮੇਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਅਤੇ ਵਿਦਿਅਕ ਮਿਆਰ ਨੂੰ ਹੋਰ ਉਚਾ ਚੁਕਣ ਲਈ ਸਾਰਥਿਕ ਜਤਨ ਕਰੇਗੀ।