ਟੋਰਾਂਟੋ, 14 ਫਰਵਰੀ, 2024: ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਿਹਾਇਸ਼ੀ ਅਤੇ ਮੁੱਢਲੀਆਂ ਲੋੜਾਂ ਪੂਰਾ ਕਰਨ ਲਈ ਕੈਨੇਡਾ ਭਰ ‘ਚ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਦੌਰਾਨ ਚੈਰਿਟੀ ਅਤੇ ਸਹਾਇਤਾ ਸਮੂਹਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਇਨ੍ਹਾਂ ਚੈਰਿਟੀ ਅਤੇ ਸਹਾਇਤਾ ਸਮੂਹਾਂ ਦਾ ਕਹਿਣਾ ਹੈ ਕਿ ਉਹ ਤਣਾਅ ਵਿਚ ਹਨ ਅਤੇ ਉਨ੍ਹਾਂ ਨੇ ਸਰਕਾਰ ਨੂੰ ਸਹਾਇਤਾ ਵਧਾਉਣ ਦੀ ਅਪੀਲ ਕੀਤੀ ਹੈ।
ਇਕ ਰਿਪੋਰਟ ਮੁਤਾਬਕ ਗ੍ਰੇਟਰ ਟੋਰਾਂਟੋ ਏਰੀਆ ਵਿਚ ਲਗਭਗ 500,000 ਅੰਤਰਰਾਸ਼ਟਰੀ ਵਿਦਿਆਰਥੀ ਰਹਿ ਰਹੇ ਹਨ। ਖਾਲਸਾ ਏਡ ਦੇ ਰਾਸ਼ਟਰੀ ਨਿਰਦੇਸ਼ਕ ਜਿੰਦੀ ਸਿੰਘ ਦਾ ਕਹਿਣਾ ਹੈ ਕਿ ਚੈਰਿਟੀ ਉਨ੍ਹਾਂ ਦੇ ਖਰਚੇ ਦਾ ਵਾਧੂ ਭਾਰ ਸਹਿਣ ਕਰ ਰਹੀ ਹੈ। ਖਾਲਸਾ ਏਡ ਦੀ ਕੈਨੇਡੀਅਨ ਬ੍ਰਾਂਚ, ਜੋ ਦੇਸ਼ ਭਰ ਦੇ ਸ਼ਹਿਰਾਂ ਵਿੱਚ ਭੋਜਨ, ਕੱਪੜਿਆਂ ਅਤੇ ਰਿਹਾਇਸ ਤੱਕ ਪਹੁੰਚ ਕਰਨ ਲਈ ਸੰਘਰਸ਼ ਕਰ ਰਹੇ 8000 ਤੋਂ ਵੱਧ ਵਿਦਿਆਰਥੀਆਂ ਦੀ ਮਦਦ ਕਰ ਰਹੀ ਹੈ, ਦਾ ਕਹਿਣਾ ਹੈ ਕਿ ਸਰਕਾਰ ਅਤੇ ਪੋਸਟ-ਸੈਕੰਡਰੀ ਸੰਸਥਾਵਾਂ ਨੂੰ ਲੋੜਵੰਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਹੋਰ ਕੁਝ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੰਸਥਾ ਨੂੰ ਵਰਤਮਾਨ ਵਿੱਚ ਭੋਜਨ, ਕੱਪੜੇ ਅਤੇ ਆਸਰਾ ਦੀ ਲੋੜ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਇਕ ਦਿਨ ਵਿਚ ਪੰਜ ਕਾਲਾਂ ਆ ਰਹੀਆਂ ਹਨ, ਖਾਸ ਕਰਕੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਤੋਂ ਜਿੱਥੇ ਉਨ੍ਹਾਂ ਦੀ ਸਥਿਤੀ ਗੰਭੀਰ ਹੈ। ਪਿਛਲੇ ਜੂਨ ਤੋਂ ਖਾਲਸਾ ਏਡ ਨੇ ਇਸ ਸ਼ਹਿਰ ਵਿੱਚ ਵਿਦਿਆਰਥੀਆਂ ਨੂੰ ਖਰਾਬ ਨਾ ਹੋਣ ਵਾਲੇ ਭੋਜਨ ਨਾਲ ਭਰੇ 5,000 ਤੋਂ ਵੱਧ ਬੈਗ ਪ੍ਰਦਾਨ ਕੀਤੇ ਹਨ।
ਇੱਥੇ ਦੱਸ ਦੱਈਏ ਕਿ ਨਵੰਬਰ 2023 ਤੱਕ ਜਾਰੀ ਕੀਤੇ ਗਏ 579,075 ਪਰਮਿਟਾਂ ਵਿੱਚੋਂ 215,190 ਦੇ ਹਿਸਾਬ ਨਾਲ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 10 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਸ ਵਿਚ ਭਾਰਤੀ ਸਭ ਤੋਂ ਅੱਗੇ ਹਨ।