ਓਡੀਸ਼ਾ, 8 ਫਰਵਰੀ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਹੋਰ ਪਿੱਛੜਾ ਵਰਗ ਨਾਲ ਸਬੰਧ ਰੱਖਣ ਵਾਲੇ ਪਰਿਵਾਰ ਵਿਚ ਨਹੀਂ ਹੋਇਆ ਅਤੇ ਉਹ ਖ਼ੁਦ ਨੂੰ ਓ ਬੀ ਸੀ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਮ ਅਜਿਹੇ ਪਰਿਵਾਰ ਵਿਚ ਹੋਇਆ ਹੈ, ਜੋ ਜਨਰਲ ਸ਼੍ਰੇਣੀ ਵਿੱਚ ਆਉਂਦਾ ਹੈ।
ਰਾਹੁਲ ਨੇ ਅੱਗੇ ਕਿਹਾ ਕਿ ਮੋਦੀ ਜੀ ਲੋਕਾਂ ਨੂੰ ਇਹ ਆਖ ਕੇ ਗੁੰਮਰਾਹ ਕਰਦੇ ਆ ਰਹੇ ਹਨ ਕਿ ਉਹ ਹੋਰ ਪਿੱਛੜਾ ਵਰਗ ਤੋਂ ਹਨ। ਪ੍ਰਧਾਨ ਮੰਤਰੀ ਦਾ ਜਨਮ ਤੇਲੀ ਜਾਤੀ ਵਿਚ ਹੋਇਆ ਸੀ, ਜਿਸ ਨੂੰ 2000 ਵਿੱਚ ਗੁਜਰਾਤ ਵਿੱਚ ਭਾਜਪਾ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ ਓ ਬੀ ਸੀ ਵਿਚ ਸ਼ਾਮਲ ਕੀਤਾ ਗਿਆ।
ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਓ ਬੀ ਸੀ ਨਾਲ ਜੁੜੇ ਲੋਕਾਂ ਨਾਲ ਹੱਥ ਤੱਕ ਨਹੀਂ ਮਿਲਾਉਂਦੇ, ਉੱਥੇ ਹੀ ਅਰਬਪਤੀਆਂ ਨੂੰ ਗਲ ਨਾਲ ਲਾਉਂਦੇ ਹਨ। ਰਾਹੁਲ ਗਾਂਧੀ ਨੇ ਓਡੀਸ਼ਾ ਵਿਚ ਪੁਰਾਣੇ ਬੱਸ ਅੱਡੇ ਤੋਂ ਭਾਰਤ ਜੋੜੋ ਨਿਆਂ ਯਾਤਰਾ ਫਿਰ ਤੋਂ ਸ਼ੁਰੂ ਕੀਤੀ ਅਤੇ ਇਕ ਖੁੱਲ੍ਹੀ ਜੀਪ ਵਿੱਚ ਕਿਸਾਨ ਚੌਕ ਵੱਲ ਵਧੇ। ਉਨ੍ਹਾਂ ਨਾਲ ਪਾਰਟੀ ਨੇਤਾ ਅਜੇ ਕੁਮਾਰ ਅਤੇ ਸ਼ਰਤ ਪਟਨਾਇਕ ਵੀ ਸਨ।