ਨਵੀਂ ਦਿੱਲੀ, 8 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਸੇਵਾਮੁਕਤ ਹੋ ਰਹੇ ਮੈਂਬਰਾਂ ਦੀ ਵਿਦਾਇਗੀ ਭਾਸ਼ਣ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਖੂਬ ਤਾਰੀਫ ਕੀਤੀ। ਰਾਜ ਸਭਾ ਤੋਂ ਸੇਵਾਮੁਕਤ ਹੋ ਰਹੇ ਮਨਮੋਹਨ ਸਿੰਘ ਦੀ ਤਾਰੀਫ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ 6 ਵਾਰ ਸਦਨ ਦੇ ਮੈਂਬਰ ਰਹੇ। ਵਿਚਾਰਿਕ ਮਤਭੇਦ ਰਿਹਾ ਪਰ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਮਨਮੋਹਨ ਸਿੰਘ ਦੀ ਸਰੀਰਕ ਬੀਮਾਰੀ ਦੇ ਬਾਵਜੂਦ ਸਦਨ ਦੀ ਕਾਰਵਾਈ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ। ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ ਸਮੇਤ ਰਾਜ ਸਭਾ ਦੇ 68 ਮੈਂਬਰ ਫਰਵਰੀ ਤੋਂ ਮਈ ਮਹੀਨੇ ਦਰਮਿਆਨ ਸੇਵਾਮੁਕਤ ਹੋ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਮੌਕੇ ਮੈਂ ਵਿਸ਼ੇਸ਼ ਰੂਪ ਨਾਲ ਡਾ. ਮਨਮੋਹਨ ਸਿੰਘ ਨੂੰ ਯਾਦ ਕਰਨਾ ਚਾਹਾਂਗਾ। ਉਹ 6 ਵਾਰ ਇਸ ਸਦਨ ਦੇ ਮੈਂਬਰ ਰਹੇ। ਸਦਨ ਦੇ ਨੇਤਾ ਦੇ ਰੂਪ ਵਿਚ ਅਤੇ ਵਿਰੋਧੀ ਧਿਰ ਵਿਚ ਵੀ ਨੇਤਾ ਦੇ ਰੂਪ ਵਿਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜੋ ਮਾਣਯੋਗ ਸੰਸਦ ਮੈਂਬਰ ਜਾ ਰਹੇ ਹਨ, ਇਨ੍ਹਾਂ ਨੂੰ ਪੁਰਾਣੇ ਅਤੇ ਨਵੇਂ ਦੋਹਾਂ ਸੰਸਦ ਭਵਨਾਂ ਵਿਚ ਰਹਿਣ ਦਾ ਮੌਕਾ ਮਿਲਿਆ ਹੈ। ਇਹ ਸਾਰੇ ਆਜ਼ਾਦੀ ਦੇ ਅੰਮ੍ਰਿਤਕਾਲ ਦੀ ਅਗਵਾਈ ਦੇ ਗਵਾਹ ਬਣ ਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਸਦਨ ਵਿਚ ਆਉਣ ਵਾਲਾ ਹਰ ਮੈਂਬਰ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਨਿਸ਼ਚਿਤ ਤੌਰ ਤੇ ਆਪਣੇ ਕਾਰਜਕਾਲ ਦੌਰਾਨ ਆਪਣੀ ਪ੍ਰਤਿਭਾ ਅਤੇ ਵਿਵਹਾਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੈਂਬਰਾਂ ਦੇ ਕਾਰਜਕਾਲ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਨਮੋਹਨ ਸਿੰਘ ਦੀ ਸਦਨ ਅਤੇ ਵੱਖ-ਵੱਖ ਕਮੇਟੀਆਂ ਵਿੱਚ ਵੋਟਿੰਗ ਮੌਕੇ ਸ਼ਮੂਲੀਅਤ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਇਨ੍ਹਾਂ ਮੌਕਿਆਂ ਤੇ ਵੀ ਵ੍ਹੀਲਚੇਅਰ ਤੇ ਆਏ ਸਨ ਅਤੇ ਲੋਕਤੰਤਰ ਪ੍ਰਤੀ ਭਾਗੀਦਾਰੀ ਨੂੰ ਯਕੀਨੀ ਬਣਾਇਆ।