ਸੁਨਾਮ ਊਧਮ ਸਿੰਘ ਵਾਲਾ, 8 ਫਰਵਰੀ, 2024: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਪੁਲਾਂਘ ਪੁਟਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੋਟੜਾ ਅਮਰੂ ਤੋਂ ਘਾਸੀਵਾਲਾ ਸੜਕ ’ਤੇ ਸਥਿਤ ਸਰਹਿੰਦ ਚੋਅ ’ਤੇ ਕਰੀਬ 2.77 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਹਾਈ ਲੈਵਲ ਬ੍ਰਿਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਪੁਲ ਦੇ ਨਿਰਮਾਣ ਨਾਲ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਇਹ ਇਥੋਂ ਦੇ ਨਿਵਾਸੀਆਂ ਦੀ ਬਹੁਤ ਅਹਿਮ ਤੇ ਵੱਡੀ ਮੰਗ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬਰਸਾਤੀ ਦਿਨਾਂ ਦੇ ਦੌਰਾਨ ਇਸ ਪੁਲ ਦੀ ਕਮੀ ਕਾਰਨ ਲੋਕਾਂ ਨੂੰ ਪਾਣੀ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੁੁਲ ਦੇ ਨਿਰਮਾਣ ਨਾਲ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ। ਉਨ੍ਹਾਂ ਦੁਹਰਾਇਆ ਕਿ ਹਲਕਾ ਸੁਨਾਮ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾ ਤੋਂ ਉਹ ਚੰਗੀ ਤਰ੍ਹਾਂ ਵਾਕਫ ਹਨ ਅਤੇ ਪੜਾਅਵਾਰ ਸਭ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਵੀ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪੁਲ ਦੀ ਲੰਬਾਈ ਕਰੀਬ 42 ਮੀਟਰ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਦੇ ਪੱਧਰ ਤੋਂ ਉਪਰ ਉਠ ਕੇ ਸਮੁੱਚੇ ਹਲਕੇ ਦੇ ਵਿਕਾਸ ਕਾਰਜ ਬਿਨਾਂ ਕਿਸੇ ਪੱਖਪਾਤ ਤੋਂ ਕਰਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਾਂਝੇ ਕੰਮ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਹਨ ਜਿਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਨੇਪਰੇ ਚੜ੍ਹਾਉਣ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਦ੍ਰਿੜਤਾ, ਮਿਹਨਤ ਤੇ ਇਮਾਨਦਾਰੀ ਨਾਲ ਲੱਗੀ ਹੋਈ ਹੈ।
ਇਸ ਮੌਕੇ ਮੋਹਿਤ ਕੁਮਾਰ ਐਸ.ਡੀ.ਓ, ਸੁਖਪਾਲ ਸਿੰਘ, ਗੁਰਚਰਨ ਸਿੰਘ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਸਰਪੰਚ, ਲਾਭ ਸਿੰਘ ਨੀਲੋਵਾਲ, ਦੇਵ ਸਿੰਘ ਮੈਂਬਰ, ਡਾ. ਪ੍ਰੀਤਮ ਸਿੰਘ, ਗੁਰਿੰਦਰਪਾਲ ਖੇੜੀ, ਦੀਪ ਸਰਪੰਚ, ਨਰਿੰਦਰ ਠੇਕੇਦਾਰ, ਗੁਰਪਿਆਰ ਸਿੰਘ ਵੀ ਹਾਜ਼ਰ ਸਨ।