ਸੁਨਾਮ ਊਧਮ ਸਿੰਘ ਵਾਲਾ, 8 ਫਰਵਰੀ, 2024: ਸੁਨਾਮ ਸ਼ਹਿਰ ਦੇ ਬਖਸ਼ੀਵਾਲਾ ਰੋਡ ’ਤੇ ਬਣੇ ਕੂੜੇ ਦੇ ਡੰਪ ਨੂੰ ਸਾਫ਼ ਕਰਨ ਲਈ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੂੜੇ ਦੇ ਡੰਪ ਦਾ ਜਿੰਨੀ ਤੇਜ਼ੀ ਨਾਲ ਇਥੋਂ ਨਿਪਟਾਰਾ ਕੀਤਾ ਜਾ ਰਿਹਾ ਹੈ ਉਸ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਨਿਰਧਾਰਤ ਸਮੇਂ ਅੰਦਰ ਇਹ ਜਗ੍ਹਾ ਪੂਰੀ ਤਰ੍ਹਾਂ ਕੂੜਾ ਮੁਕਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਦਿਆਂ ਸ਼ਹਿਰ ਵਾਸੀਆਂ ਨੂੰ ਦਰਪੇਸ਼ ਹਰ ਮੁਸ਼ਕਿਲ ਦੇ ਸਥਾਈ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਬੀਤੇ ਸਾਲ ਨਵੰਬਰ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਇਸ ਜਗ੍ਹਾ ਤੋਂ ਕੂੜਾ ਹਟਾਉਣ ਦੀ ਆਰੰਭੀ ਮੁਹਿੰਮ ਤਹਿਤ ਹੁਣ ਤੱਕ ਮਹਿਜ਼ ਦੋ ਮਹੀਨਿਆਂ ਅੰਦਰ ਹੀ 40 ਫੀਸਦੀ ਤੋਂ ਵੱਧ ਕੂੜੇ ਦਾ ਨਿਪਟਾਰਾ ਹੋ ਚੁੱਕਾ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪਿਛਲੇ ਕਰੀਬ 2-3 ਦਹਾਕਿਆਂ ਤੋਂ ਇਹ ਕੂੜਾ ਡੰਪ ਸ਼ਹਿਰ ਵਾਸੀਆਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਸੀ ਅਤੇ ਹੁਣ ਕੂੜੇ ਵਿੱਚੋਂ ਅਤਿ ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ ਮਿੱਟੀ ਤੇ ਪਾਲੀਥੀਨ ਦੇ ਲਿਫਾਫੇ ਵੱਖ ਵੱਖ ਕਰਵਾ ਕੇ ਹੋਰ ਉਸਾਰੂ ਕਾਰਜਾਂ ਹਿੱਤ ਵਰਤਣਯੋਗ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੂੜੇ ਦੇ ਡੰਪ ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਦਾ ਇਹ ਪ੍ਰੋਜੈਕਟ 1.32 ਕਰੋੜ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਕੂੜਾ ਕਰਕਟ ਦੇ ਏਡੇ ਵੱਡੇ ਢੇਰਾਂ ਨਾਲ ਹਰ ਸਾਲ ਫੈਲਦੀਆਂ ਬਿਮਾਰੀਆਂ ਦੀ ਵੀ ਮੁਕੰਮਲ ਤੌਰ ’ਤੇ ਰੋਕਥਾਮ ਹੋ ਜਾਵੇਗੀ। ਅਮਨ ਅਰੋੜਾ ਨੇ ਕਿਹਾ ਕਿ ਸ਼ਹਿਰ ਦੇ ਕੁਝ ਹੋਰ ਵਿਕਾਸ ਪ੍ਰੋਜੈਕਟ ਵੀ ਪ੍ਰਗਤੀ ਅਧੀਨ ਹਨ ਅਤੇ ਤੇਜ਼ੀ ਨਾਲ ਮੁਕੰਮਲ ਕਰਵਾ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਇਸ ਮੌਕੇ ਸੀਨੀਅਰ ਆਗੂ ਜਤਿੰਦਰ ਜੈਨ ਅਤੇ ਨਰਿੰਦਰ ਸਿੰਘ ਠੇਕੇਦਾਰ ਵੀ ਹਾਜ਼ਰ ਸਨ।