ਫਿਰੋਜ਼ਪੁਰ, 2 ਜੁਲਾਈ 2020 – ਅੱਜ ਪਿੰਡ ਮਹਿਮਾ ਵਿੱਚ ਕਿਸਾਨਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਬੀ ਕੇ ਯੂ ਡਕੌਦਾ ਦੀ ਅਗਵਾਈ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਦਾ ਘਿਰਾਉ ਕੀਤਾ ਗਿਆ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਖੇਡ ਮੰਤਰੀ ਅਤੇ ਕਸ਼ਮੀਰ ਬਾਜੇਕੇ ਖਿਲਾਫ਼ ਜੰਮ ਕੇ ਨਾਹਰੇਬਾਜ਼ੀ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਪਿਛਲੇ 3 ਸਾਲਾਂ ਤੋਂ ਜਥੇਬੰਦੀ ਵੱਲੋਂ ਪਿੰਡ ਬਾਜੇਕੇ ਵਿੱਚ ਹਾਕਮ ਚੰਦ ਨਾਲ ਹੋਏ ਧੱਕੇ ਖਿਲਾਫ਼ ਅਤੇ ਕਸ਼ਮੀਰ ਬਾਜੇਕੇ ਦੀ ਗੁੰਡਾਗਰਦੀ ਖਿਲਾਫ਼ ਘੋਲ ਲੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਬਾਜੇਕੇ ਵੱਲੋਂ ਦੁਕਾਨਦਾਰ ਹਾਕਮ ਚੰਦ ਦੀ ਦੁਕਾਨ ਢਾਹ ਕੇ ਪੰਜ ਮਰਲੇ ਪਲਾਟ ਤੇ ਕਬਜ਼ਾ ਕਰ ਲਿਆ ਸੀ, ਜਿਸ ਨੂੰ ਵਾਪਸ ਲੈਣ ਲਈ ਜਥੇਬੰਦੀ ਸੰਘਰਸ਼ ਕਰ ਰਹੀ ਹੈ, ਪਰ ਖੇਡ ਮੰਤਰੀ ਵੱਲੋਂ ਗੁੰਡਿਆਂ ਨੂੰ ਸ਼ਹਿ ਦੇ ਕੇ ਗੁੰਡਾਗਰਦੀ ਕਰਵਾਈ ਜਾ ਰਹੀ ਹੈ ਤੇ ਮਾਮਲੇ ਨੂੰ ਨਬੇੜਣ ਦੀ ਜਗਾ ਟਰਕਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸਦੇ ਵਿਰੋਧ ਵਜੋਂ ਅੱਜ ਪਿੰਡ ਮਹਿਮਾ ਵਿੱਚ ਪਹੁੰਚੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁਤਰ ਅਨੁਮੀਤ ਸਿੰਘ ਹੀਰਾ ਸੋਢੀ ਦਾ ਘਿਰਾਉ ਕੀਤਾ ਗਿਆ ਹੈ। ਆਗੂਆਂ ਨੇ ਐਲਾਣ ਕੀਤਾ ਕੀ ਜੇਕਰ ਬਾਜੇਕੇ ਵਾਲੇ ਮਸਲੇ ਨੂੰ ਜਲਦੀ ਨਾ ਨਬੇੜਿਆ ਗਿਆ ਤਾਂ ਖੇਡ ਮੰਤਰੀ ਦਾ ਪਿੰਡ ਪਿੰਡ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ , ਬੀ ਕੇ ਯੂ ਡਕੌੰਦਾ ਦੇ ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ , ਜਰਮਲ ਸਿੰਘ ਮਹਿਮਾ, ਮਨਜੀਤ ਸਿੰਘ ਮਹਿਮਾ, ਗੁਰਪਾਲ ਸਿੰਘ ਮਹਿਮਾ, ਲਖਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।