ਓਟਵਾ, 20 ਅਕਤੂਬਰ, 2023: ਕੈਨੇਡਾ ਦੇ ਵਿਦੇਸ਼ ਮੰਤਰੀ ਮੈਲੇਨੀ ਜੌਲੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਨੇ ਆਪਣੇ 41 ਡਿਪਲੋਮੈਟ ਤੇ ਉਹਨਾਂ ਦੇ 42 ਪਰਿਵਾਰਕ ਮੈਂਬਰਾਂ ਨੂੰ ਭਾਰਤ ਵਿਚੋਂ ਵਾਪਸ ਸੱਦ ਲਿਆ ਹੈ।
ਉਹਨਾਂ ਕਿਹਾ ਕਿ ਮੈਂ ਸਿਰਫ ਇਹ ਪੁਸ਼ਟੀ ਕਰ ਸਕਦੀ ਹਾਂ ਕਿ ਭਾਰਤ ਨੇ ਰਸਮੀਤੌਰ ’ਤੇ ਇਹ ਦੱਸਿਆ ਹੈ ਕਿ ਉਹ ਸਿਰਫ 21 ਕੈਨੇਡੀਅਨ ਡਿਪਲੋਮੈਟਾਂ ਨੂੰ ਛੱਡ ਕੇ ਬਾਕੀ ਸਾਰੇ ਡਿਪਲੋਮੈਟਾਂ ਲਈ ਡਿਪਲੋਮੈਟਿਕ ਇਮਿਊਨਿਟੀ ਵਾਪਸ ਲੈ ਰਿਹਾ ਹੈ ਤੇ ਇਸਦੀ ਆਖਰੀ ਤਾਰੀਕ 20 ਅਕਤੂਬਰ ਹੈ ਜੋ ਕਿ ਅਨੈਤਿਕ ਕਦਮ ਹੈ। ਇਸਦਾ ਮਤਲਬ ਇਹ ਹੈ ਕਿ 41 ਕੈਨੇਡੀਅਨ ਡਿਪਲੋਮੈਟ ਤੇ ਉਹਨਾਂ ’ਤੇ ਨਿਰਭਰ 42 ਪਰਿਵਾਰਕ ਮੈਂਬਰਾਂ ਲਈ ਧੱਕੇ ਨਾਲ ਨਿਸ਼ਚਿਤ ਕੀਤੀ ਤਾਰੀਕ ਨੂੰ ਇਮਿਊਨਿਟੀ ਖਤਮ ਹੋ ਜਾਵੇਗੀ। ਇਸ ਨਾਲ ਉਹਨਾਂ ਦੀ ਨਿੱਜੀ ਸੁਰੱਖਿਆ ਜ਼ੋਖ਼ਮ ਵਿਚ ਪੈ ਜਾਵੇਗੀ। ਉਹਨਾਂ ਪੁਸ਼ਟੀ ਕੀਤੀ ਕਿ ਕੈਨੇਡੀਅਨ ਡਿਪਲੋਮੈਟ ਵਾਪਸ ਸੱਦੇ ਜਾ ਰਹੇ ਹਨ।