ਹੁਸ਼ਿਆਰਪੁਰ/ਦਸੂਹਾ, 6 ਫਰਵਰੀ 2024- ਲੋਕ ਨਿਰਮਾਣ ਮੰਤਰੀ ਅਤੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸੂਬੇ ਦੀਆਂ ਸੜਕਾਂ ਦਾ ਨਵੀਨੀਕਰਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਰੋਡ ਨੈਟਵਰਕ ਨੂੰ ਮਜ਼ਬੂਤ ਕਰਨ ਲਈ ਬਹੁਤ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸੂਬੇ ਵਿਚ ਕੋਈ ਵੀ ਬਲੈਕ ਸਪਾਟ ਨਹੀਂ ਛੱਡਿਆ ਜਾਵੇਗਾ। ਉਹ ਅੱਜ ਦਸੂਹਾ ਵਿਖੇ ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੀ ਮੌਜੂਦਗੀ ਵਿਚ 9.50 ਕਰੋੜ ਰੁਪਏ ਦੀ ਲਾਗਤ ਨਾਲ 20.23 ਕਿਲੋਮੀਟਰ ਲੰਬੀ ਬਣਨ ਵਾਲੀ ਦਸੂਹਾ-ਕਮਾਹੀ ਦੇਵੀ ਰੋਡ ਨੂੰ ਮਜ਼ਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਹਲਕਾ ਇੰਚਾਰਜ ਮੁਕੇਰੀਆਂ ਪ੍ਰੋ. ਜੀ. ਐਸ ਮੁਲਤਾਨੀ, ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ ਬੈਂਸ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਲੋਕ ਨਿਰਮਾਣ ਮੰਤਰੀ ਨੇ ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੜਕ ਕੰਢੀ ਖੇਤਰ ਦੀ ਕਾਫੀ ਮਹੱਤਵਪੂਰਨ ਸੜਕ ਹੈ ਅਤੇ ਇਹ ਨੈਸ਼ਨਲ ਹਾਈਵੇਅ ਜਲੰਧਰ-ਪਠਾਨਕੋਟ (ਐਨ.ਐਚ-44) ਦਸੂਹਾ ਤੋਂ ਤਲਵਾੜਾ, ਢੋਲਵਾਹਾ, ਹਰਿਆਣਾ ਸੜਕ ਨੂੰ ਕਮਾਹੀ ਦੇਵੀ ਨਾਲ ਮਿਲਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਹੀ ਧਾਰਮਿਕ ਸਥਾਨ ਜਿਵੇਂ ਕਿ ਪਾਂਡਵ ਸਰੋਵਰ ਮੰਦਿਰ, ਮੰਦਿਰ ਬਾਬਾ ਲਾਲ ਦਿਆਲ ਜੀ ਅਤੇ ਕਮਾਹੀ ਦੇਵੀ ਮੰਦਿਰ ਸਥਿਤ ਹਨ, ਜਿਨ੍ਹਾਂ ਦੀ ਪੂਰੇ ਖੇਤਰ ਵਿਚ ਕਾਫੀ ਮਾਨਤਾ ਹੈ। ਇਸ ਤੋਂ ਇਲਾਵਾ ਇਸ ਸੜਕ ’ਤੇ ਕਰੀਬ 30-40 ਪਿੰਡਾਂ ਦਾ ਆਉਣਾ-ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਪਿਛਲੀ ਰਿਪੇਅਰ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਸਾਲ 2013 ਵਿਚ ਹੋਈ ਸੀ ਅਤੇ ਨਿਯਮਾਂ ਦੇ ਮੁਤਾਬਿਕ ਸਾਲ 2018 ਵਿਚ ਇਸ ਦੀ ਰਿਪੇਅਰ ਹੋਣੀ ਸੀ ਪਰ ਪਿਛਲੀਆਂ ਸਰਕਾਰ ਨੇ ਇਸ ਸੜਕ ਦੀ ਕੋਈ ਸੁਧ ਨਹੀਂ ਲਈ ਅਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਸੜਕ ਨੈਟਵਰਕ ਮਜ਼ਬੂਤ ਕਰ ਰਹੀ ਹੈ ਅਤੇ ਇਸੇ ਲੜੀ ਵਿਚ ਇਸ ਸੜਕ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੜਕ ਦਾ ਨਿਰਮਾਣ ਕਾਰਜ 26 ਸਤੰਬਰ 2024 ਤੱਕ ਪੂਰਾ ਕਰ ਲਿਆ ਜਾਵੇਗਾ। ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਸੜਕ ਨਿਰਮਾਣ ਦੇ ਨਾਲ-ਨਾਲ ਸੂਬੇ ਵਿਚ ਬਿਜਲੀ ਨੈਟਵਰਕ ਨੂੰ ਵੀ ਮਜ਼ਬੂਤ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਪਾਵਰ ਕਾਰਪੋਰੇਸ਼ਨ 1880 ਕਰੋੜ ਰੁਪਏ ਦੇ ਘਾਟੇ ਵਿਚ ਸੀ ਅਤੇ ਸਾਡੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ 600 ਯੂਨਿਟ ਫਰੀ ਬਿਜਲੀ ਦੇਣ ਤੋਂ ਬਾਅਦ ਵੀ ਪਾਵਰ ਕਾਰਪੋਰੇਸ਼ਨ 564 ਕਰੋੜ ਰੁਪਏ ਮੁਨਾਫੇ ਵਿਚ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਬਿਜਲੀ ਦੀ ਸਥਿਤੀ ਕਾਫੀ ਮਜ਼ਬੂਤ ਹੈ ਅਤੇ ਪੰਜਾਬ ਸਰਕਾਰ ਨੇ ਆਪਣੀ ਗਰੰਟੀ ਨੂੰ ਪੂਰਾ ਕਰਦੇ ਹੋਏ ਲੋਕਾਂ ਤੱਕ 600 ਯੂਨਿਟ ਮੁਫ਼ਤ ਬਿਜਲੀ ਪਹੁੰਚਾਈ ਹੈ, ਜਿਸ ਸਦਕਾ ਮੌਜੂਦਾ ਸਮੇਂ ਵਿਚ ਸੂਬੇ ਦੇ 90 ਫੀਸਦੀ ਤੋਂ ਵੱਧ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।
ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਨੇ ਲੋਕ ਨਿਰਮਾਣ ਮੰਤਰੀ ਦੇ ਇਸ ਕਾਰਜ ’ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਵਿਚ ਉਨ੍ਹਾਂ ਦੇ ਯਤਨਾਂ ਨਾਲ ਸੜਕ ਨੈਟਵਰਕ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਦਸੂਹਾ ਵਿਧਾਨ ਸਭਾ ਹਲਕੇ ਦੀ ਹਰ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਹੈ। ਇਸ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਮਨਜੀਤ ਸਿੰਘ, ਐਸ.ਡੀ.ਈ ਦਵਿੰਦਰ ਪਾਲ, ਜੇ.ਈ ਯਾਦਵਿੰਦਰ ਸੋਢੀ, ਬਲਦੇਵ ਰਾਜ, ਅਸ਼ੋਕ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।