ਪਟਿਆਲਾ 14 ਦਸੰਬਰ 2023: ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਅਤੇ ਜ਼ਿਲਾ ਪ੍ਰਸ਼ਾਸਕ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਜਾਣੂੰ ਕਰਵਾਇਆ ਗਿਆ ਕਿ ਕਿਸ ਤਰ੍ਹਾਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪਾਰਕਿੰਗ ਅੰਦਰ ਕਬਜ਼ੇ ਦੀ ਨੀਯਤ ਨਾਲ ਜੇ.ਸੀ.ਬੀ. ਦੀ ਸਹਾਇਤਾ ਨੀਹਾਂ ਪੁੱਟਕੇ ਨਿਰਮਾਣ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਮੁਸਤੈਦੀ ਨਾਲ ਗੁਰਦੁਆਰਾ ਪ੍ਰਬੰਧ ਦੇ ਦਖਲ ਨਾਲ ਰੋਕ ਦਿੱਤਾ ਗਿਆ।
ਗੁਰਦੁਆਰਾ ਪ੍ਰਬੰਧਕ ਮੈਨੇਜਰ ਕਰਨੈਲ ਸਿੰਘ ਵਿਰਕ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਏਸ ਪਾਰਕਿੰਗ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਭਾਗ ਜਾਂ ਬਾਹਰੀ ਵਿਅਕਤੀ ਨਿਰਮਾਣ ਕਾਰਜ ਨਹੀਂ ਕਰਵਾ ਸਕਦਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਿਰੰਤਰ ਧਾਰਮਕ ਕਾਰਜਾਂ ਸਮੇਤ ਨਗਰ ਕੀਰਤਨ, ਗੁਰਮਤਿ ਸਮਾਗਮ ਆਦਿ ਤੋਂ ਇਲਾਵਾ ਹਰ ਮਹੀਨੇ ਪੰਚਮੀ ਮੌਕੇ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ ਅਤੇ ਸਮੇਂ ਨਾਲ ਸੰਗਤਾਂ ਦੀ ਵੱਧਦੀ ਆਮਦ ਅਤੇ ਵਾਹਨਾਂ ਦੀ ਆਵਾਜਾਈ ਵੀ ਵੱਧ ਰਹੀ ਹੈ, ਜਿਸ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਆਉਂਦੀ ਪਾਰਕਿੰਗ ਦਾ ਨਵ ਨਿਰਮਾਣ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ ਕਿ ਵਾਹਨਾਂ ਦੀ ਪਾਰਕਿੰਗ, ਸੰਗਤ ਅਤੇ ਪਬਲਿਕ ਦੀ ਸਹੂਲਤ ਲਈ ਪਹਿਲਾਂ ਤੋਂ ਪਾਰਕਿੰਗ ਅੰਦਰ ਟੁਆਇਲਟ-ਬਾਥਰੂਮ ਬਣੇ ਹੋਏ ਹਨ, ਪ੍ਰੰਤੂ ਕੁਝ ਲੋਕ ਕਬਜ਼ੇ ਦੀ ਮਕਸਦ ਨਾਲ ਇਸ ਜਗਾ ’ਤੇ ਕਾਬਜ ਹੋਣਾ ਚਾਹੁੰਦੇ ਹਨ, ਜਿਸ ’ਤੇ ਅਜਿਹੇ ਲੋਕਾਂ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਭਰੋਸਾ ਦਿੰਦਿਆਂ ਵੱਖ-ਵੱਖ ਵਿਭਾਗਾਂ ਪੀਆਰਟੀਸੀ ਪ੍ਰਸ਼ਾਸਨ, ਨਗਰ ਨਿਗਮ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਸਮੇਤ ਉਚ ਅਧਿਕਾਰੀਆਂ ਨੂੰ ਆਦੇਸ਼ ਕੀਤੇ ਹਨ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਕੀਤੇ ਜਾਣ ਵਾਲੇ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਤੁਰੰਤ ਐਸਡੀਐਮ ਮੈਡਮ ਇਸ਼ਮਤ ਵਿਜੈ ਸਿੰਘ ਨੂੰ ਆਦੇਸ਼ ਦਿੱਤੇ ਕਿ ਤੁਰੰਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਾਲੇ ਜਗਾ ਅਸਥਾਨ ’ਤੇ ਅਜਿਹੇ ਕਬਜ਼ਿਆਂ ਨੂੰ ਹਟਾਇਆ ਜਾਵੇ ਅਤੇ ਸਖਤ ਹਦਾਇਤ ਵਾਲਾ ਇਕ ਅਜਿਹਾ ਬੋਰਡ ਵੀ ਸਥਾਪਿਤ ਕੀਤਾ ਜਾਵੇ, ਜਿਸ ’ਤੇ ਸਪੱਸ਼ਟ ਤੌਰ ’ਤੇ ਲਿਖਿਆ ਜਾਵੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਕਬਜ਼ਾ ਜ਼ਿਲ੍ਹਾ ਪ੍ਰਸ਼ਾਸਨ ਬਰਦਾਸ਼ਤ ਨਹੀਂ ਕਰੇਗਾ। ਇਸ ਦੋਰਾਨ ਐਸਡੀਐਮ ਇਸ਼ਮਤ ਵਿਜੈ ਸਿੰਘ ਨੇ ਗੁਰਦੁਆਰਾ ਸਾਹਿਬ ਨਾਲ ਸਬੰਧਤ ਪਾਰਕਿੰਗ ਵਾਲੇ ਅਸਥਾਨ ’ਤੇ ਪਹੁੰਚ ਕੇ ਜਗਾ ਦਾ ਨਿਰੀਖਣ ਕਰਦਿਆਂ ਤੁਰੰਤ ਉਥੇ ਲੱਗਦੀਆਂ ਰੇਹੜੀਆਂ, ਵੇਰਕਾ ਬੂਥ ਤੋਂ ਇਲਾਵਾ ਹਰ ਤਰ੍ਹਾਂ ਦੇ ਕਬਜ਼ੇ ਹਟਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਵਿਰਕ ਨੇ ਵੀ ਜ਼ਿਲ੍ਹਾ ਪ੍ਰਸ਼ਾਸਕ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਭਰੋਸਾ ਦਿੱਤਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਅਤੇ ਭਵਿੱਖ ਵਿਚ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸਿਰਮੌਰ ਸੰਸਥਾ ਤੋਂ ਪ੍ਰਵਾਨਗੀ ਲੈ ਕੇ ਹੀ ਅਗਲੇਰੇ ਕਾਰਜਾਂ ਨੂੰ ਕਰਨ ਲਈ ਵਚਨਬੱਧ ਹੋਵੇਗਾ।