ਸ੍ਰੀ ਅਨੰਦਪੁਰ ਸਾਹਿਬ ,14 ਨਵੰਬਰ 2022 :ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੀਆਂ 12 ਅਨਾਜ ਮੰਡੀਆਂ ਵਿਚ 42033 ਮੀਟ੍ਰਿਕ ਟਨ ਝੋਨੇ ਦੀ ਆਮਦ ਵਿੱਚੋਂ 34742 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਦਾ ਕੰਮ ਵੀ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਅਗੰਮਪੁਰ ਅਨਾਜ ਮੰਡੀ ਵਿੱਚ ਅੱਜ 149 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ।
ਇਹ ਜਾਣਕਾਰੀ ਮਨਦੀਪ ਸਿੰਘ ਢਿੱਲੋਂ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਦਿੰਦੇ ਹੋਏ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਧੀਨ ਸਾਰੀਆ 12 ਮੰਡੀਆਂ ਵਿੱਚ ਅਗੰਮਪੁਰ, ਕੀਰਤਪੁਰ ਸਾਹਿਬ, ਤਖਤਗੜ੍ਹ, ਨੂਰਪੁਰ ਬੇਦੀ, ਨੰਗਲ, ਸੂਰੇਵਾਲ, ਅਬਿਆਣਾ, ਸੁਖੇਮਾਜਰਾ, ਡੁਮੇਵਾਲ, ਅਜੋਲੀ, ਕਲਵਾਂ,ਮਹੈਣ ਖਰੀਦ ਕੀਤੀ ਗਈ ਝੋਨੇ ਦੀ ਸਮੇਂ-ਸਿਰ ਲਿਫਟਿੰਗ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਨਿਰੰਤਰ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਕੀਤੇ ਪ੍ਰਬੰਧਾਂ ਅਤੇ ਜਿਣਸ ਦੀ ਆਮਦ, ਲਿਫਟਿੰਗ ਤੇ ਅਦਾਇਗੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।
ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਸਕੱਤਰ ਸੁਰਿੰਦਰਪਾਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਰਹਿੰਦ-ਖੂੰਹਦ ਨੂੰ ਨਾ ਸਾੜ ਕੇ ਖੇਤਾਂ ਵਿਚ ਹੀ ਉਸਦਾ ਪ੍ਰਬੰਧਨ ਕੀਤਾ ਜਾਵੇ। ਉਨਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਣ ਦੇ ਨਾਲ-ਨਾਲ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।