ਬਾਂਦਰਾ, 10 ਨਵੰਬਰ- ਮੁੰਬਈ ਦੇ ਬਾਂਦਰਾ ਵਿੱਚ ਬੀਤੀ ਦੇਰ ਰਾਤ ਹੋਏ ਕਾਰ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਬਾਂਦਰਾ ਵਰਲੀ ਸੀ ਲਿੰਕ ਤੋਂ 100 ਮੀਟਰ ਪਹਿਲਾਂ ਵਾਪਰਿਆ। ਜਿਥੇ ਇੱਕ ਤੇਜ਼ ਰਫ਼ਤਾਰ ਕਾਰ ਉਥੇ ਖੜ੍ਹੇ 6 ਵਾਹਨਾਂ ਨਾਲ ਟਕਰਾ ਗਈ।
ਮੁੰਬਈ ਜ਼ੋਨ 9 ਦੇ ਡੀਸੀਪੀ ਕ੍ਰਿਸ਼ਨਕਾਂਤ ਉਪਾਧਿਆਏ ਅਨੁਸਾਰ ਬੀਤੀ ਰਾਤ ਕਰੀਬ 10.15 ਵਜੇ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਵਰਲੀ ਤੋਂ ਬਾਂਦਰਾ ਵੱਲ ਜਾ ਰਹੀ ਸੀ ਕਿ ਓਵਰ ਸਪੀਡ ਕਾਰ ਦੀ ਟੱਕਰ ਹੋਰ ਵਾਹਨਾਂ ਨਾਲ ਹੋ ਗਈ। ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਕਾਰ ਦੇ ਡਰਾਈਵਰ ਨੇ ਸੀ ਲਿੰਕ ਤੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਫੜੇ ਜਾਣ ਤੋਂ ਬਚਣ ਲਈ ਕਾਰ ਦੀ ਸਪੀਡ ਵਧਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਛੇ ਕਾਰਾਂ ਆਪਸ ਵਿਚ ਟਕਰਾ ਗਈਆਂ। ਮੁੰਬਈ ਪੁਲੀਸ ਨੇ ਦੱਸਿਆ ਕਿ ਹਾਦਸੇ ਵਿੱਚ ਦੋਸ਼ੀ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ। ਉਸ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ।