ਨਵੀਂ ਦਿੱਲੀ, 10 ਨਵੰਬਰ -ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਹੀਰੋ ਮੋਟੋਕਾਰਪ ਦੇ ਕਾਰਜਕਾਰੀ ਚੇਅਰਮੈਨ ਪਵਨ ਕਾਂਤ ਮੁੰਜਾਲ ਖਿਲਾਫ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 24.95 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਕੇਂਦਰੀ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਸਥਿਤ ਮੁੰਜਾਲ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਪ੍ਰਬੰਧਾਂ ਦੇ ਤਹਿਤ ਅਸਥਾਈ ਤੌਰ ਤੇ ਕੁਰਕ ਕੀਤਾ ਗਿਆ ਹੈ।
ਪਵਨ ਮੁੰਜਾਲ ਹੀਰੋ ਮੋਟੋਕਾਰਪ ਲਿਮਟਿਡ ਦੇ ਸੀਐਮਡੀ ਅਤੇ ਚੇਅਰਮੈਨ ਹਨ ਅਤੇ ਉਨ੍ਹਾਂ ਦੀ ਜਾਇਦਾਦ ਲਗਪਗ 24.95 ਕਰੋੜ ਰੁਪਏ ਹੈ।
ਈਡੀ ਨੇ ਅਗਸਤ ਵਿੱਚ ਮੁੰਜਾਲ ਅਤੇ ਉਸ ਦੀਆਂ ਕੰਪਨੀਆਂ ਵਿਰੁੱਧ ਪੀਐਮਐਲਏ ਕੇਸ ਦਰਜ ਕਰਨ ਤੋਂ ਬਾਅਦ ਛਾਪੇਮਾਰੀ ਕੀਤੀ ਸੀ, ਜੋ ਕਿ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੀ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਬਾਅਦ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਤੇ ਭਾਰਤ ਤੋਂ ਵਿਦੇਸ਼ੀ ਕਰੰਸੀ ਨੂੰ ਗੈਰ-ਕਾਨੂੰਨੀ ਢੰਗ ਨਾਲ ਭੇਜਣ ਦਾ ਦੋਸ਼ ਲਗਾਇਆ ਗਿਆ ਸੀ।
ਈਡੀ ਨੇ ਕਿਹਾ ਕਿ ਇਸਤਗਾਸਾ ਪੱਖ ਦੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ 54 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਗੈਰ-ਕਾਨੂੰਨੀ ਢੰਗ ਨਾਲ ਭਾਰਤ ਤੋਂ ਬਾਹਰ ਲਿਜਾਈ ਜਾ ਰਹੀ ਹੈ।