ਨਵੀਂ ਦਿੱਲੀ, 8 ਨਵੰਬਰ – ਰਾਸ਼ਟਰੀ ਜਾਂਚ ਏਜੰਸੀ ਨੇ ਮਨੁੱਖੀ ਤਸਕਰੀ ਮਾਮਲੇ ਵਿੱਚ ਅੱਜ ਵਿੱਚ ਰਾਜਸਥਾਨ ਸਮੇਤ ਦੇਸ਼ ਦੇ 10 ਸੂਬਿਆਂ ਵਿੱਚ ਛਾਪੇਮਾਰੀ ਕੀਤੀ। ਇਸ ਦੇ ਨਾਲ ਹੀ ਐਨ ਆਈ ਏ ਨੇ ਜੰਮੂ-ਕਸ਼ਮੀਰ ਵਿੱਚ ਮਿਆਂਮਾਰ ਤੋਂ ਰੋਹਿੰਗਿਆ ਮੁਸਲਿਮ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਸਮੇਤ ਤ੍ਰਿਪੁਰਾ, ਅਸਾਮ, ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਹਰਿਆਣਾ, ਪੁਡੂਚੇਰੀ ਅਤੇ ਜੰਮੂ-ਕਸ਼ਮੀਰ ਵਿੱਚ ਸਵੇਰ ਤੋਂ ਹੀ ਐਨਆਈਏ ਦੀ ਛਾਪੇਮਾਰੀ ਸ਼ੁਰੂ ਕੀਤੀ। ਇਹ ਕਾਰਵਾਈ ਮਨੁੱਖੀ ਤਸਕਰੀ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਕੀਤੀ ਗਈ ਅਤੇ ਅਸਾਮ ਦੇ ਗੁਹਾਟੀ ਵਿੱਚ ਫਰਜ਼ੀ ਦਸਤਾਵੇਜ਼ ਬਣਾਉਣ ਦੇ ਮਾਮਲੇ ਵਿੱਚ ਐਨਆਈਏ ਦੀ ਛਾਪੇਮਾਰੀ ਚੱਲੀ।
ਐਨਆਈਏ ਦੀ ਟੀਮ ਨੇ ਬੀਤੀ ਦੇਰ ਰਾਤ ਜੰਮੂ-ਕਸ਼ਮੀਰ ਦੇ ਸਾਂਬਾ ਸ਼ਹਿਰ ਦੀਆਂ ਕਈ ਥਾਵਾਂ ਤੇ ਵੀ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਜੰਮੂ ਦੇ ਬਠਿੰਡਾ ਇਲਾਕੇ ਤੋਂ ਮਿਆਂਮਾਰ ਦੇ ਇਕ ਰੋਹਿੰਗਿਆ ਮੁਸਲਿਮ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਐਨਆਈਏ ਵਲੋਂ ਫੜੇ ਗਏ ਨੌਜਵਾਨ ਦਾ ਨਾਂ ਜਾਫਰ ਆਲਮ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੌਰਾਨ ਉਹ ਐਨਆਈਏ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਐਨਆਈਏ ਅਧਿਕਾਰੀਆਂ ਮੁਤਾਬਕ ਦੇਸ਼ ਦੇ ਕਈ ਰਾਜਾਂ ਵਿਚ ਮਨੁੱਖੀ ਤਸਕਰੀ ਦੇ ਮਾਮਲੇ ਦਰਜ ਕੀਤੇ ਗਏ ਹਨ। ਅਜਿਹੇ ਵਿੱਚ ਮਨੁੱਖੀ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਬੰਗਲਾਦੇਸ਼ ਰਾਹੀਂ ਤਸਕਰੀ ਕਰਨ ਵਾਲੇ ਵਿਅਕਤੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸੇ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਰੋਹਿੰਗਿਆ ਮੁਸਲਮਾਨ ਹਨ। ਇਸ ਤੋਂ ਇਲਾਵਾ ਕਈ ਥਾਵਾਂ ਤੇ ਗੈਰ-ਕਾਨੂੰਨੀ ਢੰਗ ਨਾਲ ਬੰਗਲਾਦੇਸ਼ੀਆਂ ਦੇ ਰਹਿਣ ਦੀ ਵੀ ਸੂਚਨਾ ਮਿਲੀ ਹੈ। ਐਨਆਈਏ ਨੇ ਹੁਣ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਕਾਰਵਾਈ ਕੀਤੀ ਹੈ।