ਬਠਿੰਡਾ, 28 ਜੂਨ 2020 – ਝੂਠੀਆਂ, ਅਧਾਰਹੀਣ ਅਤੇ ਕਥਿਤ ਸਿਆਸੀ ਸ਼ਹਿ ਤੇ ਕੀਤੀਆਂ ਸ਼ਕਾਇਤਾਂ ਦੇ ਅਧਾਰ ਤੇ ਬਿਨਾਂ ਦੋਸ਼ ਸੂਚੀ ਜਾਰੀ ਕੀਤਿਆਂ ਅਧਿਆਪਕ ਦਾ ਪੱਖ ਸੁਣੇ ਬਿਨਾਂ ਨਾਦਰਸ਼ਾਹੀ ਫਰਮਾਨ ਜਾਰੀ ਕਰਦਿਆਂ ਹੀ ਮੁਅੱਤਲੀ ਅਤੇ ਬਦਲੀ ਕਰਨ ਦਾ ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਨੇ ਵਿਰੋਧ ਜਤਾਇਆ ਹੈ। ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਦੇ ਜਿਲਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ,ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ,ਨਵਚਰਨਪ੍ਰੀਤ ਜਿਲਾ ਸਕੱਤਰ ਬਲਜਿੰਦਰ ਸਿੰਘ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਡੀ.ਪੀ.ਆਈ ਸੈਕੰਡਰੀ ਵੱਲੋਂ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਬਸਤੀ ਜਲਾਲ ਨੂੰ ਬਿਨਾਂ ਕਿਸੇ ਸੂਚਨਾ ਜਾਂ ਪੜਤਾਲ ਕਰਨ ਦੇ ਸਿੱਧੇ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਆਗੂਆ ਨੇ ਦੱਸਿਆ ਕਿ ਜੱਥੇਬੰਦੀ ਦੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਵਿਭਾਗ ਵੱਲੋਂ ਸਰਕਾਰੀ ਮਿਡਲ ਸਕੂਲ ਜਲਾਲ ਬਸਤੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਵਿੱਚ ਮਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ ।
ਆਗੂਆਂ ਨੇ ਦੱਸਿਆ ਕਿ ਇਸ ਦਾ ਪਿੰਡ ਵਾਸੀਆਂ ਅਤੇ ਮਿਡਲ ਵਿਦਿਆਰਥੀਆਂ ਦੇ ਮਾਪਿਆਂ ਨੇ ਵਿਰੋਧ ਕਰਦਿਆਂ ਧਰਨਾ ਦਿੱਤਾ ਸੀ ਜੋ ਜਮਹੂਰੀ ਹੱਕ ਹੈ। ਉਨਾਂ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਨਿੱਜੀ ਰੰਜਸ਼ ਕਾਰਨ ਝੂਠੀ ਅਤੇ ਅਧਾਰਹੀਣ ਸ਼ਕਾਇਤ ਕੀਤੀ ਸੀ ਜਿਸ ਦੀ ਜਾਂਚ ਤੋਂ ਬਗੈਰ ਹੀ ਕਾਰਵਾਈ ਕਰ ਦਿੱਤੀ ਹੈ ਜਿਸ ਦੀ ਜੱਥੇਬੰੰੀ ਸਖ ਸ਼ਬਦਾਂ ’ਚ ਨਿਖੇਧੀ ਕਰਦੀ ਹੈ। ਅੱਜ ਆਗੂਆਂ ਨੇ ਜਿਲਾ ਸਿੱਖਿਆ ਅਫਸਰ ਬਠਿੰਡਾ ਨੂੰ ਮਿਲ ਕੇ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਦੇ ਮੁਅੱਤਲੀ ਦੇ ਹੁਕਮ ਰੱਦ ਕਰਕੇ ਬਹਾਲ ਕਰਨ ਲਈ ਮੰਗ ਪੱਤਰ ਦਿੱਤਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਅੱਤਲੀ ਦੇ ਹੁਕਮ ਵਾਪਸ ਨਾ ਲਏ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਵਫਦ ’ਚ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ , ਭੁਪਿੰਦਰ ਮਾਈਸਰਖਾਨਾ ,ਭੋਲਾ ਰਾਮ,ਰਤਨਜੋਤ ਸ਼ਰਮਾ, ਕੁਲਵਿੰਦਰ ਵਿਰਕ ,ਬਲਜਿੰਦਰ ਕੌਰ,ਜਸਵਿੰਦਰ ਬੌਕਸਰ, ਅਧਿਆਪਕ ਆਗੂ ਗੁਰਬਾਜ ਸਿੰਘ ਅਤੇ ਸੁਖਦੇਵ ਕਲਿਆਣ ਹਾਜਰ ਸਨ।