ਲੁਧਿਆਣਾ 3 ਨਵੰਬਰ 2023 : ਪੀ.ਏ.ਯੂ. ਕਿਸਾਨ ਕਲੱਬ (ਲੇਡਿਜ਼ ਵਿੰਗ) ਦਾ ਇੱਕ ਰੋਜ਼ਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਕਿਸਾਨ ਕਲੱਬ (ਲੇਡਿਜ਼ ਵਿੰਗ) ਦੇ ਕੋਆਰਡੀਨੇਟਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 52 ਕਿਸਾਨ ਬੀਬੀਆਂ ਨੇ ਭਾਗ ਲਿਆ। ਉਹਨਾਂ ਨੇ ਕਿਹਾ ਕਿ ਤਿਉਹਾਰਾਂ ਦੇ ਸਮੇਂ ਵਿੱਚ ਬਾਜ਼ਾਰ ਦੀਆਂ ਮਠਿਆਈਆਂ ਦੀ ਥਾਂ ਤੇ ਘਰੇਲੂ ਪੱਧਰ ਤੇ ਹੀ ਅਸੀਂ ਸਾਫ਼ ਸੁਥਰੀਆਂ ਤੇ ਪੌਸ਼ਟਿਕ ਮਠਿਆਈਆਂ ਤਿਆਰ ਕਰ ਸਕਦੇ ਹਾਂ ਅਤੇ ਪੇਂਡੂ ਸੁਆਣੀਆਂ ਇਸ ਕੰਮ ਵਿੱਚ ਦਿਲਚਸਪੀ ਦਿਖਾ ਕੇ ਚੰਗਾ ਮੁਨਾਫ਼ਾ ਵੀ ਕਮਾ ਸਕਦੀਆਂ ਹਨ।
ਇਸ ਮੌਕੇ ਤੇ ਡਾ. ਪ੍ਰੇਰਣਾ ਕਪਿਲਾ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਕਿਸਾਨ ਕਲੱਬ (ਲੇਡਿਜ਼ ਵਿੰਗ) ਦੀ ਮੈਂਬਰ ਸ਼੍ਰੀਮਤੀ ਕਿਰਨਦੀਪ ਕੌਰ ਨੇ ਤਿਉਹਾਰੀ ਮੌਸਮ ਵਿੱਚ ਤਿਆਰ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ ਮਠਿਆਈਆਂ ਜਿਵੇਂ ਗੁਲਾਬ ਜਾਮੁਨ ਅਤੇ ਦਾਣੇਦਾਰ ਲੱਡੂ ਆਦਿ ਤਿਆਰ ਕਰਨ ਦੀ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ। ਮੈਡਮ ਕੁਲਦੀਪ ਕੌਰ ਨੇ ਪੋਸ਼ਟਿਕ ਨਮਕੀਨ ਤਿਆਰ ਕਰਨ ਦੀ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ।