ਗੁਰਦਾਸਪੁਰ 2 ਨਵੰਬਰ 2023- ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਕਿਸਾਨਾਂ, ਮਜਦੂਰਾਂ ਅੱਤੇ ਬੇਰੁਜ਼ਗਾਰ ਨੌਜਵਾਨਾਂ ਦੇ ਮੁੱਦਿਆਂ ਨੂੰ ਲੈਕੇ ਇੱਕ ਵੱਡਾ ਇਕੱਠ ਹਰਿਆਣਾ ਦੇ ਪਿੱਪਲੀ ਵਿੱਚ ਕੀਤਾ ਜਾ ਰਿਹਾ ਹੈ ਜਿਸ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੱਲੋਂ ਵੱਖ-ਵੱਖ ਜਿਲਿਆਂ ਵਿੱਚ ਜਾ ਕੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ।ਗੁਰਦਾਸਪੁਰ ਦੇ ਵਿੱਚ ਮੀਟਿੰਗ ਕਰਨ ਪਹੁੰਚੇ ਗੁਰਨਾਮ ਸਿੰਘ ਚੜੂਨੀ ਨੇ SYL ਦੇ ਮੁੱਦੇ ਤੇ ਕਿਹਾ ਕਿ ਇਹ ਮੁੱਦਾ ਸਰਕਾਰਾਂ ਨੂੰ ਚੋਣਾਂ ਦੌਰਾਨ ਯਾਦ ਆਉਂਦਾ ਹੈ।
ਜੇਕਰ ਦੋਨੋਂ ਸਰਕਾਰਾਂ ਮੀਹ ਦੇ ਪਾਣੀ ਨੂੰ ਸਾਂਭਣ ਦਾ ਯਤਨ ਕਰਨ ਤਾਂ ਪਾਣੀ ਦੋਨਾਂ ਸੂਬਿਆਂ ਕੋਲੋਂ ਨਹੀਂ ਮੁੱਕ ਸਕਦਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਨੂੰ ਐਸ ਵਾਈ ਐਲ ਦੇ ਮੁੱਦੇ ਤੇ ਲੜਾਉਣਾ ਚਾਹੁੰਦੀ ਹੈ । ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸੋਚੀ ਸਮਝੀ ਸਾਜਿਸ਼ ਤੇ ਪੰਚਾਇਤੀ ਜਮੀਨਾਂ ਨੂੰ ਛੁਡਵਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹਨਾਂ ਪੰਚਾਇਤੀ ਜਮੀਨਾਂ ਤੇ ਕਾਰਪੋਰੇਟ ਘਰਾਨੇ ਖੇਤੀ ਕਰ ਸਕਣ ਅਤੇ ਛੋਟੇ ਕਿਸਾਨਾਂ ਨੂੰ ਖਤਮ ਕੀਤਾ ਜਾ ਸਕੇ। ਇਸ ਲਈ ਇਹਨਾਂ ਮੁੱਦਿਆਂ ਨੂੰ ਲੈ ਕੇ ਪਿਪਲੀ ਵਿੱਚ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਕਿਸਾਨੀ,ਬੇਰੁਜ਼ਗਾਰੀ ਅਤੇ ਨਸ਼ੇ ਨੂੰ ਮੁੱਦਾ ਬਣਾਇਆ ਜਾ ਸਕੇ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ।