ਗੁਰਦਾਸਪੁਰ, 30 ਅਕਤੂਬਰ : ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਸਰਦਾਰ ਹਰੀ ਸਿੰਘ ਨਲੂਆ ਨੂੰ ਸਮਰਪਿਤ ਗੁਰਦਾਸਪੁਰ ਵਿਖੇ ਕਰਵਾਇਆ ਗਿਆ ਤਿੰਨ ਰੋਜ਼ਾ ‘ਜੋਸ਼ ਉਤਸਵ’ ਬੀਤੀ ਦੇਰ ਸ਼ਾਮ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿੱਚ ਜੋਸ਼ ਉਤਸਵ ਦੇ ਸਮਾਪਤੀ ਸਮਾਰੋਹ ਮੌਕੇ ਸਰਦਾਰ ਹਰੀ ਸਿੰਘ ਨਲੂਆ ਦੇ ਜੀਵਨ ਬਾਰੇ ਇੱਕ ਡਾਕੂਮੈਂਟਰੀ ਫਿਲਮ ਦਿਖਾਈ ਗਈ। ਇਸ ਤੋਂ ਇਲਾਵਾ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ। ਜੋਸ਼ ਉਤਸਵ ਦੌਰਾਨ ਨਾਟ ਸ਼੍ਰੋਮਣੀ ਸ੍ਰੀ ਕੇਵਲ ਧਾਲੀਵਾਲ ਵੱਲੋਂ ਸ਼ਹੀਦ-ਏ-ਆਜ਼ਮ` ਸ. ਭਗਤ ਸਿੰਘ ਦੇ ਜੀਵਨ ’ਤੇ ਅਧਾਰਤ ਨਾਟਕ ‘ਮੇਰਾ ਰੰਗ ਦੇ ਬਸੰਤੀ ਚੋਲਾ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਭਾਰਤੀ ਫ਼ੌਜ ਦੇ ਜਵਾਨ ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਦੀ ਵੀਰ ਗਾਥਾ ਸੁਣਾਈ ਗਈ ਅਤੇ ਨਾਲ ਹੀ ਸ਼ਹੀਦ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਪਤੀ ਸਮਾਰੋਹ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਸ਼ੇਰਾ ਨੇ ਆਪਣੀ ਸੁਰੀਲੀ ਅਵਾਜ਼ ਨਾਲ ਹਾਜ਼ਰ ਦਰਸ਼ਕਾਂ ਦਾ ਖੂਬ ਮੰਨੋਰੰਜ਼ਨ ਕੀਤਾ। ਇਸ ਦੌਰਾਨ ਹੋਈ ਖੂਬਸੂਰਤ ਆਤਿਸ਼ਬਾਜ਼ੀ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਿਖੇ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਸਮਰਪਿਤ ਤਿੰਨ ਰੋਜ਼ਾ ਜੋਸ਼ ਉਤਸਵ ਕਰਵਾਇਆ ਗਿਆ ਹੈ ਜੋ ਕਿ ਪੂਰੀ ਤਰਾਂ ਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਦਾਰ ਹਰੀ ਸਿੰਘ ਨਲੂਆ ਉਹ ਮਹਾਨ ਜਰਨੈਲ ਹੈ ਜਿਸਦੀ ਬਹਾਦਰੀ ਦੇ ਚਰਚੇ ਪੂਰੀ ਦੁਨੀਆਂ ਵਿੱਚ ਹਨ। ਉਨ੍ਹਾਂ ਕਿਹਾ ਕਿ ਸਰਦਾਰ ਹਰੀ ਸਿੰਘ ਨਲੂਆ ਸਾਡੇ ਨੌਜਵਾਨਾਂ ਲਈ ਹਮੇਸ਼ਾਂ ਪ੍ਰੇਰਨਾ ਦੇ ਸਰੋਤ ਬਣੇ ਰਹਿਣਗੇ।
ਉਨ੍ਹਾਂ ਕਿਹਾ ਜੋਸ਼ ਉਤਸਵ ਦੌਰਾਨ ਜਿਥੇ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਜੀਵਨ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਓਥੇ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵੀ ਨਲੂਆ ਸਰਦਾਰ ਦੀਆਂ ਬਹਾਦਰੀ ਦੀਆਂ ਗਥਾਵਾਂ ਨੂੰ ਗਾਇਆ ਹੈ। ਇਸ ਤੋਂ ਇਲਾਵਾ ਮਾਰਸ਼ਲ ਆਰਟ ਗਤਕਾ ਦੀ ਪੇਸ਼ਕਾਰੀ ਵੀ ਸਾਰਿਆਂ ਵੱਲੋਂ ਬਹੁਤ ਪਸੰਦ ਕੀਤੀ ਗਈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜੋਸ਼ ਉਤਸਵ ਦੌਰਾਨ ਭਾਰਤੀ ਫ਼ੌਜ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਸ਼ਹੀਦ ਜਵਾਨਾਂ ਦੀਆਂ ਵੀਰ ਗਥਾਵਾਂ ਵੀ ਸੁਣਾਈਆਂ ਗਈਆਂ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਦੇ ਅਮੀਰ ਸੱਭਿਆਚਾਰ ਦੇ ਵੱਖ-ਵੱਖ ਰੰਗ ਗਿੱਧਾ, ਭੰਗੜਾ, ਲੁੱਡੀ ਤੇ ਝੂਮਰ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ। ਇਸੇ ਦੌਰਾਨ ਤਿੰਨੇ ਦਿਨ ਫੂਡ ਸਟਾਲ ਵੀ ਲਗਾਏ ਗਏ ਜਿਥੋਂ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਸੁਆਦ ਚੱਖੇ। ਜੋਸ਼ ਉਤਸਵ ਵਿੱਚ ਲੱਗੇ ਕਰਾਫ਼ਟ ਬਜ਼ਾਰ ਨੇ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕੀਤਾ। ਬੀ.ਐੱਸ.ਐੱਫ. ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਦਿਨ 27 ਅਕਤੂਬਰ ਨੂੰ ਜੋਸ਼ ਉਤਸਵ ਦੀ ਸ਼ੁਰੂਆਤ ਮੌਕੇ ਵੀ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ ਸਨ। ਪਹਿਲੇ ਦਿਨ ਪੰਜਾਬੀ ਲੋਕ ਗਾਇਕ ਨਛੱਤਰ ਗਿੱਲ ਅਤੇ ਰਾਜਵੀਰ ਜਵੰਦਾ ਨੇ ਆਪਣੀ ਗਾਇਕੀ ਰਾਹੀਂ ਜੋਸ਼ ਉਤਸਵ ਵਿੱਚ ਆਏ ਦਰਸ਼ਕਾਂ ਦਾ ਮੰਨੋਰੰਜ਼ਨ ਕੀਤਾ। ਅਗਲੇ ਦਿਨ 28 ਅਕਤੂਬਰ ਨੂੰ ਸਮਾਗਮ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੀਤੀ ਗਈ ਅਤੇ ਇਸ ਦਿਨ ਵੀ ਬਹਾਦਰੀ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਸ ਸ਼ਾਮ ਨੂੰ ਪੰਜਾਬੀ ਲੋਕ ਗਾਇਕ ਗੁਰਵਿੰਦਰ ਬਰਾੜ ਨੇ ਆਪਣੀ ਗਾਇਕੀ ਪੇਸ਼ ਕੀਤੀ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜੋਸ਼ ਉਤਸਵ ਦੇ ਤਿੰਨੇ ਦਿਨ ਜ਼ਿਲ੍ਹੇ ਭਰ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ, ਬੱਚਿਆਂ ਸਮੇਤ ਹਰ ਉਮਰ ਵਰਗ ਦੇ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਜੋਸ਼ ਉਤਸਵ ਗੁਰਦਾਸਪੁਰ ਪੂਰੀ ਤਰ੍ਹਾਂ ਸਫਲ ਰਿਹਾ ਹੈ। ਉਨ੍ਹਾਂ ਇਸ ਉਤਸਵ ਨੂੰ ਕਰਾਉਣ ਲਈ ਪੰਜਾਬ ਸਰਕਾਰ ਅਤੇ ਸੈਰ ਸਪਾਟਾ ਵਿਭਾਗ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਸਮਾਪਤੀ ਸਮਾਰੋਹ ਦੌਰਾਨ ਬਟਾਲਾ ਤੋਂ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਜਿੰਦਰ ਅਗਰਵਾਲ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰੀਨਾ ਅਗਰਵਾਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਬੀ.ਐੱਸ.ਐੱਫ. ਦੇ ਡੀ.ਆਈ.ਜੀ. ਸ੍ਰੀ ਸੁਸ਼ਾਂਤ ਕੁਮਾਰ, ਐੱਸ.ਐੱਸ.ਪੀ. ਹਰੀਸ਼ ਦਾਯਮਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਜਗਰੂਪ ਸਿੰਘ ਸੇਖਵਾਂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਏ.ਡੀ.ਸੀ. (ਡੀ) ਸ੍ਰੀ ਰਵਿੰਦਰਪਾਲ ਸਿੰਘ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ (ਜ) ਸ੍ਰੀ ਸਚਿਨ ਪਾਠਕ, ਐੱਸ.ਪੀ. ਪ੍ਰਿਥੀਪਾਲ ਸਿੰਘ, ਨਵਜੋਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ, ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ, ਤਹਿਸੀਲਦਾਰ ਰਾਜਵਿੰਦਰ ਕੌਰ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਜਨਰਲ ਸਕੱਤਰ ਸ. ਤਜਿੰਦਰਪਾਲ ਸਿੰਘ ਸੰਧੂ, ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾਂ, ਸਮਾਜ ਸੇਵੀ ਮੋਹਿਤ ਮਹਾਜਨ, ਸੁਖਜਿੰਦਰ ਸਿੰਘ ਗਿੱਲ, ਰਮੇਸ਼ ਮਹਾਜਨ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।