ਦਿੱਲੀ ਅਤੇ ਹੋਰ ਸੂਬਿਆਂ ਤੋਂ ਪੰਜਾਬ ਦੇ ਹਸਪਤਾਲਾਂ ਵਿਚ ਮਰੀਜਾਂ ਦੀ ਵਧ ਰਹੀ ਗਿਣਤੀ ਦੇ ਸੰਦਰਭ ਵਿਚ ਮੁੱਖ ਸਕੱਤਰ ਨੂੰ ਭਾਰਤ ਸਰਕਾਰ ਕੋਲ ਮਾਮਲੇ ਦੀ ਪੈਰਵੀ ਕਰਨ ਲਈ ਕਿਹਾ, ਅੰਮ੍ਰਿਤਸਰ ਲਈ ਸਪਲਾਈ ਭੇਜਣ ਦੇ ਵੀ ਹੁਕਮ ਦਿੱਤੇ
ਚੰਡੀਗੜ੍ਹ – ਸੂਬੇ ਵਿਚ ਤੇਜੀ ਨਾਲ ਘਟ ਰਹੀ ਆਕਸੀਜਨ ਦੀ ਸਪਲਾਈ ਦੇ ਮੱਦੇਨਦਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਟੇ ਦੀ ਵੰਡ ਵਿਚ ਫੌਰੀ ਵਾਧਾ ਕਰਨ ਲਈ ਹੰਗਾਮੀ ਮਦਦ ਵਾਸਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੂੰ ਦੋ ਦਿਨਾਂ ਦੇ ਅੰਦਰ ਅੱਜ ਦੂਜੀ ਵਾਰ ਪੱਤਰ ਭੇਜਿਆ ਹੈ।ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਭਾਰਤ ਸਰਕਾਰ ਕੋਲ ਜ਼ਰੂਰੀ ਸਪਲਾਈ ਲਈ ਪੈਰਵੀ ਕੀਤੀ ਜਾਵੇ ਅਤੇ ਦਿੱਲੀ ਅਤੇ ਹੋਰ ਸੂਬਿਆਂ ਤੋਂ ਮਰੀਜਾਂ ਦੀ ਗਿਣਤੀ ਵਧਣ ਅਤੇ ਸਥਿਤੀ ਦੀ ਗੰਭੀਰ ਨੂੰ ਦਰਸਾਉਂਦਿਆਂ ਮੈਡੀਕਲ ਆਕਸੀਜਨ ਵਧਾਉਣ ਦੀ ਮੰਗ ਉਠਾਈ ਜਾਵੇ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਅੰਮਿਰਤਸਰ ਲਈ ਜ਼ਰੂਰੀ ਸਪਲਾਈ ਭੇਜਣ ਵਾਸਤੇ ਆਖਿਆ ਜਿੱਥੇ ਇਕ ਪ੍ਰਾਈਵੇਟ ਹਸਪਤਾਲ ਵਿਚ ਆਕਸੀਜਨ ਦੀ ਘਾਟ ਕਾਰਨ ਬੀਤੇ ਦਿਨ ਕੀਮਤੀ ਜਾਨਾਂ ਚਲੀਆਂ ਗਈਆਂ।ਸਥਿਤੀ ਦੀ ਨਾਜੁਕਤਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਉਦਯੋਗ ਦੇ ਪ੍ਰਮੁੱਖ ਸਕੱਤਰ ਪਾਸੋਂ ਸੂਬੇ ਵਿਚ ਹਸਪਤਾਲਾਂ ਅਨੁਸਾਰ ਆਕਸੀਜਨ ਦੀ ਮੰਗ-ਸਪਲਾਈ ਦੀ ਸਥਿਤੀ ਬਾਰੇ ਹਰੇਕ ਚਾਰ ਘੰਟੇ ਦੀ ਰਿਪੋਰਟ ਮੰਗੀ ਹੈ।ਮੁੱਖ ਮੰਤਰੀ ਵੱਲੋਂ ਪ੍ਰਤੀ ਦਿਨ ਘੱਟੋ-ਘੱਟ 250 ਮੀਟਰਕ ਟਨ ਤੱਕ ਲਿਕੁਅਡ ਮੈਡੀਕਲ ਆਕਸੀਜਨ (ਐਲ.ਐਮ.ਓ.) ਵਧਾਉਣ ਦੀ ਕੀਤੀ ਗਈ ਮੰਗ ਦੇ ਬਾਵਜੂਦ ਸ਼ਨੀਵਾਰ ਨੂੰ ਐਲ.ਐਮ.ਓ. ਜਾਰੀ ਕੀਤੀ ਗਈ ਨਵੀਂ ਵੰਡ ਦੇ ਮੁਤਾਬਕ ਪੰਜਾਬ ਦਾ ਕੋਟਾ ਵਧਾਉਣ ਵਿਚ ਕੇਂਦਰ ਦੀ ਨਾਕਾਮੀ ਤੋਂ ਬਾਅਦ ਅੱਜ ਕੇਂਦਰੀ ਸਿਹਤ ਮੰਤਰੀ ਨੂੰ ਇਕ ਹੋਰ ਪੱਤਰ ਲਿਖਿਆ ਗਿਆ ਹੈ। ਮੁੱਖ ਮੰਤਰੀ ਨੇ ਅੱਜ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਕੋਵਿਡ ਕੇਸਾਂ ਵਿਚ ਨਿਰੰਤਰ ਵਾਧੇ ਦੇ ਕਾਰਨ ਪੰਜਾਬ ਦਾ ਲਿਕੁਅਡ ਆਕਸੀਜਨ ਦਾ ਕੋਟਾ ਵਧਾ ਕੇ ਰੋਜਾਨਾ 250 ਐਮ.ਟੀ. ਤੱਕ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਸਬੰਧ ਵਿਚ ਉਨ੍ਹਾਂ ਨੂੰ ਤੁਰੰਤ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ।ਆਪਣੇ ਪਿਛਲੇ ਪੱਤਰ ਦੀ ਲਗਾਤਾਰਤਾ ਵਿੱਚ ਲਿਖਦਿਆਂ ਮੁੱਖ ਮੰਤਰੀ ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ ਸਥਿਤੀ ਬਹੁਤ ਗੰਭੀਰ ਹੋ ਗਈ ਹੈ ਕਿਉਂਕਿ ਸਾਡੀ ਐਲ.ਐਮ.ਓ. ਦੀ ਸਪਲਾਈ ਵਧੀ ਹੋਈ ਮੰਗ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੈ।”ਉਨ੍ਹਾਂ ਅੱਗੇ ਲਿਖਿਆ ਕਿ ਸੂਬੇ ਤੋਂ ਬਾਹਰੋਂ ਪੰਜਾਬ ਨੂੰ ਪ੍ਰਤੀ ਦਿਨ ਘੱਟੋ ਘੱਟ 250 ਮੀਟ੍ਰਿਕ ਟਨ ਐਲ.ਐਮ.ਓ. ਅਲਾਟ ਕਰਨ ਦੀ ਬੇਨਤੀ ਦੇ ਬਾਵਜੂਦ, ਭਾਰਤ ਸਰਕਾਰ ਦੁਆਰਾ 24 ਅਪ੍ਰੈਲ, 2021 ਨੂੰ ਜਾਰੀ ਕੀਤੀ ਗਈ ਐਲ.ਐਮ.ਓ. ਦੀ ਨਵੀਂ ਵੰਡ ਵਿੱਚ ਪੰਜਾਬ ਦੇ ਕੋਟੇ ਵਿੱਚ ਵਾਧਾ ਨਹੀਂ ਕੀਤਾ ਗਿਆ, ਹਾਲਾਂਕਿ ਹੋਰ ਸੂਬਿਆਂ ਲਈ ਇਸਦੀ ਅਲਾਟਮੈਂਟ ਵਧਾਈ ਗਈ ਹੈ ਜਿਵੇ ਕਿ (ਕਰਨਾਟਕ (167%), ਤੇਲੰਗਾਨਾ (20%), ਰਾਜਸਥਾਨ (29%), ਆਦਿ)।ਇਹ ਜ਼ਿਕਰ ਕਰਦਿਆਂ ਕਿ ਸੰਭਾਵਤ ਤੌਰ ਤੇ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਬੀਤੇ ਦਿਨ ਅੰਮ੍ਰਿਤਸਰ ਵਿਚ ਛੇ ਵਿਅਕਤੀਆਂ ਦੀ ਮੌਤ ਹੋ ਗਈ, ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐਲ.ਐਮ.ਓ. ਉਤਪਾਦਨ ਦੀ ਕੋਈ ਵੱਡੀ ਸਮਰੱਥਾ ਨਹੀਂ ਹੈ ਅਤੇ ਇਹ ਜ਼ਿਆਦਾਤਰ ਸੂਬੇ ਤੋਂ ਬਾਹਰੋਂ ਸਪਲਾਈ
ਤੇ ਨਿਰਭਰ ਹੈ, ਇਸ ਲਈ ਮੰਤਰੀ ਦੇ ਫੌਰੀ ਦਖਲ ਦੀ ਲੋੜ ਹੈ।ਇਸ ਵੇਲੇ ਕੇਂਦਰੀ ਪੂਲ ਤੋਂ ਪੰਜਾਬ ਲਈ ਮੈਡੀਕਲ ਆਕਸੀਜਨ ਦੀ ਰੋਜ਼ਾਨਾ ਅਲਾਟਮੈਂਟ 105 ਮੀਟਰਕ ਟਨ ਹੈ ਜਿਸ ਵਿੱਚ ਸਥਾਨਕ ਏ.ਐਸ.ਯੂਜ਼ ਦਾ ਉਤਪਾਦਨ ਸ਼ਾਮਲ ਨਹੀਂ ਹੈ ਜੋ ਪੰਜਾਬ ਵਿਚ ਲਗਭਗ 60 ਮੀਟਰਕ ਟਨ ਤਰਲ ਆਕਸੀਜਨ ਪੈਦਾ ਕਰਦੇ ਹਨ ਅਤੇ ਵੱਖ-ਵੱਖ ਰੀ-ਫਿਲਰਜ਼, ਬੌਟਲਿੰਗ ਪਲਾਂਟਜ਼ ਅਤੇ ਡਿਸਟ੍ਰੀਬਿਊਟਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਸਰਕਾਰੀ ਹਸਪਤਾਲਾਂ (ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ, ਜ਼ਿਲ੍ਹਾ ਹਸਪਤਾਲ ਜਲੰਧਰ ਅਤੇ ਲੁਧਿਆਣਾ) ਅਤੇ ਨਿੱਜੀ ਹਸਪਤਾਲਾਂ ਵਿੱਚ ਕੁਝ ਪੀ.ਐਸ.ਏ. ਪਲਾਂਟ ਹਨ ਜੋ ਇਨ੍ਹਾਂ ਦੇ ਹਿੱਸੇ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ਅਤੇ ਸੂਬੇ ਲਈ ਉਪਲੱਬਧ ਆਕਸੀਜਨ ਦੇ ਪੂਲ ਵਿੱਚ ਜੋੜਦੇ ਹਨ।ਦੂਸਰੇ ਪਾਸੇ ਪੰਜਾਬ ਲਈ ਕੋਵਿਡ-19 ਮਰੀਜ਼ਾਂ ਵਾਸਤੇ ਰੋਜ਼ਾਨਾ ਖਪਤ/ਜ਼ਰੂਰਤ 25 ਅਪ੍ਰੈਲ ਤੱਕ ਲਗਭਗ 200 ਮੀਟਰਕ ਟਨ ਹੈ ਅਤੇ ਗੈਰ-ਕੋਵਿਡ ਮਰੀਜ਼ਾਂ ਲਈ ਲਗਭਗ 50 ਮੀਟਰਕ ਟਨ ਹੈ (ਐਮਰਜੈਂਸੀ ਅਤੇ ਹੋਰ ਜ਼ਰੂਰੀ ਲੋੜਾਂ ਜੋ ਰੋਕੀਆਂ ਨਹੀਂ ਜਾ ਸਕਦੀਆਂ)। ਇਸੇ ਤਰ੍ਹਾਂ ਸਿਹਤ ਸੇਵਾਵਾਂ ਲਈ ਕੁੱਲ ਰੋਜ਼ਾਨਾ ਜ਼ਰੂਰਤ/ਖਪਤ 250 ਮੀਟਰਕ ਟਨ ਤਰਲ ਮੈਡੀਕਲ ਆਕਸੀਜਨ ਬਣਦੀ ਹੈ।ਇਹ ਮਾਮਲੇ ਸਾਹਮਣੇ ਆਉਣ ਦੀ ਦਰ ਦੇ ਅਨੁਮਾਨਾਂ ਅਨੁਸਾਰ ਅਗਲੇ 2 ਹਫ਼ਤਿਆਂ ਵਿੱਚ ਤਕਰੀਬਨ 250-300 ਮੀਟਰਕ ਟਨ ਤੱਕ ਵਧਣ ਦੀ ਉਮੀਦ ਹੈ। ਸੂਬੇ ਵਿਚ ਸਰਕਾਰੀ ਅਤੇ ਨਿੱਜੀ ਦੋਵੇਂ ਸਹੂਲਤਾਂ ਸਮੇਤ ਸਾਰੀਆਂ ਸਿਹਤ ਸਹੂਲਤਾਂ ਲਈ ਮੈਡੀਕਲ ਆਕਸੀਜਨ ਦੇ ਭੰਡਾਰਨ ਦੀ ਸਮਰੱਥਾ ਲਗਭਗ 370 ਮੀਟਰਕ ਟਨ ਹੈ।