ਕੋਟਕਪੂਰਾ, 18 ਅਕਤੂਬਰ 2023- ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਵਲੋਂ ਬਲਾਕ ਪ੍ਰਧਾਨਾ ਦੇ ਕੀਤੇ ਗਏ ਵਿਸਥਾਰ ਦੀ ਲੜੀ ਵਿੱਚ ਵਿਧਾਨ ਸਭਾ ਹਲਕਾ ਕੋਟਕਪੂਰਾ ਵਿੱਚ ਵੀ 12 ਬਲਾਕ ਪ੍ਰਧਾਨਾ ਦਾ ਐਲਾਨ ਕਰਦਿਆਂ ਪਾਰਟੀ ਦੇ ਜਿਲਾ ਪ੍ਰਧਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਨੇ ਆਖਿਆ ਕਿ ਭਾਵੇਂ ਪਹਿਲਾਂ ਵਾਲੇ ਬਲਾਕ ਪ੍ਰਧਾਨ ਵੀ ਉਸੇ ਤਰਾਂ ਬਰਕਰਾਰ ਰੱਖੇ ਗਏ ਹਨ ਪਰ ਨਵੇਂ ਨਿਯੁਕਤ ਕੀਤੇ ਗਏ ਬਲਾਕ ਪ੍ਰਧਾਨਾ ’ਚੋਂ ਚਾਰ ਜਿਵੇਂ ਕਿ ਮਾਸਟਰ ਕੁਲਦੀਪ ਸਿੰਘ ਮੌੜ, ਭੋਲਾ ਸਿੰਘ ਟਹਿਣਾ, ਅਮਰੀਕ ਸਿੰਘ ਡੱਗੋਰੋਮਾਣਾ ਅਤੇ ਮੇਹਰ ਸਿੰਘ ਚੰਨੀ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸਿਰੋਪਾਉ ਪਾ ਕੇ ਜਿੱਥੇ ਸਨਮਾਨ ਕੀਤਾ ਗਿਆ, ਉੱਥੇ ਉਹਨਾਂ ਨੂੰ ਕੁਝ ਜਰੂਰੀ ਨੁਕਤੇ ਵੀ ਸਮਝਾਏ ਗਏ।
ਇੰਜੀ. ਢਿੱਲਵਾਂ ਨੇ ਆਸ ਪ੍ਰਗਟਾਈ ਕਿ ਉਕਤ ਬਲਾਕ ਪ੍ਰਧਾਨ ਜਿੱਥੇ ਪਾਰਟੀ ਦੀ ਮਜਬੂਤੀ ਲਈ ਪਹਿਲਾਂ ਤੋਂ ਵੀ ਜਿਆਦਾ ਮਿਹਨਤ ਕਰਨਗੇ, ਉੱਥੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਿੱਚ ਵੀ ਯਤਨਸ਼ੀਲ ਰਹਿਣਗੇ। ਆਪਣੇ ਸੰਬੋਧਨ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਜੋ ਲੋਕ ਬਦਲਾਅ ਦੀ ਰਾਜਨੀਤੀ ’ਤੇ ਕਿੰਤੂ ਪਰੰਤੂ ਕਰਦੇ ਹਨ, ਉਹ ਇਹ ਦੱਸਣ ਕਿ ਕੀ ਹੁਣ ਦੀ ਤਰਾਂ ਪਹਿਲਾਂ ਵੀ ਮਜਦੂਰ, ਕਿਰਤੀ ਜਾਂ ਮੱਧਵਰਗੀ ਪਰਿਵਾਰਾਂ ਦੇ ਬੇਟੇ-ਬੇਟੀਆਂ ਜੱਜ ਬਣਦੇ ਸਨ? ਕੀ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਮੌਕੇ ਰਿਸ਼ਵਤ ਜਾਂ ਸਿਫਾਰਸ਼ ਦੀ ਹੈਸੀਅਤ ਨਾ ਰੱਖਣ ਵਾਲਿਆਂ ਨੂੰ ਅਜਿਹੇ ਮੌਕੇ ਮਿਲਦੇ ਸਨ? ਸਪੀਕਰ ਸੰਧਵਾਂ ਨੇ ਆਖਿਆ ਕਿ ਭਾਵੇਂ ਬਹੁਤ ਸਾਰੇ ਨੌਜਵਾਨ ਲੜਕੇ-ਲੜਕੀਆਂ ਆਪਣੇ ਬਲਬੂਤੇ ’ਤੇ ਅਰਥਾਤ ਮਿਹਨਤ ਸਦਕਾ ਜੱਜ ਦੀ ਕੁਰਸੀ ਤੱਕ ਪਹੁੰਚ ਜਾਂਦੇ ਸਨ ਪਰ ਸ਼ੋਸ਼ਲ ਮੀਡੀਏ ਰਾਹੀਂ ਅਕਸਰ ਚੱਲਦੀ ਚਰਚਾ ਮੁਤਾਬਿਕ ਲੱਖਾਂ ਜਾਂ ਕਰੋੜ ਰੁਪਿਆ ਖਰਚ ਕੇ ਜੱਜ ਬਣਨ ਵਾਲੇ ਨੌਜਵਾਨ ਆਪਣੇ ਅਹੁਦੇ ਨਾਲ ਇਨਸਾਫ ਕਿਵੇਂ ਕਰਨਗੇ? ਉਹਨਾ ਆਖਿਆ ਕਿ ਭਾਵੇਂ ਗਰੀਬ ਪਰਿਵਾਰਾਂ ਦੇ ਬੇਟੇ-ਬੇਟੀਆਂ ਜੱਜ ਬਣ ਗਏ ਹਨ ਅਤੇ ਭਾਵੇਂ 37100 ਬੇਰੁਜਗਾਰ ਨੌਜਵਾਨਾ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਇਕ ਵੀ ਉਦਾਹਰਨ ਅਜਿਹੀ ਸਾਹਮਣੇ ਨਹੀਂ ਆਈ ਕਿ ਕਿਸੇ ਨੂੰ ਰਿਸ਼ਵਤ ਦੇਣੀ ਪਈ ਹੋਵੇ ਜਾਂ ਸਿਫਾਰਸ਼ ਲਈ ਕਿਸੇ ਰੁਤਬੇ ਵਾਲੇ ਦੀ ਭਾਲ ਕਰਨੀ ਪਵੇ।
ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਨਿਯੁਕਤੀ ਪੱਤਰ ਵੰਡਣ ਮੌਕੇ ਮੰਚ ਤੋਂ ਐਲਾਨੀਆਂ ਆਖਦੇ ਹਨ ਕਿ ਹੱਥ ਖੜਾ ਕਰਕੇ ਦੱਸੋ ਕਿ ਕਿਸੇ ਨੂੰ ਇਸ ਨੌਕਰੀ ਲਈ ਰਿਸ਼ਵਤ ਜਾਂ ਸਿਫਾਰਸ਼ ਦੀ ਨੌਬਤ ਆਈ ਹੋਵੇ? ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੇ ਆਖਿਆ ਕਿ ਉਪਰੋਕਤ ਚਾਰ ਨਵੀਆਂ ਨਿਯੁਕਤੀਆਂ ਸਮੇਤ ਬਾਬੂ ਸਿੰਘ ਫਿੱਡੇ, ਗੁਰਦੀਪ ਸ਼ਰਮਾ, ਗੁਰਮੀਤ ਸਿੰਘ ਗਿੱਲ, ਹਰਵਿੰਦਰ ਸਿੰਘ ਨੱਥੇਵਾਲਾ, ਜਸਪ੍ਰੀਤ ਸਿੰਘ ਚਾਹਲ, ਮਨਜੀਤ ਸ਼ਰਮਾ, ਸੰਦੀਪ ਸਿੰਘ ਬਰਾੜ ਅਤੇ ਸੰਜੀਵ ਕੁਮਾਰ ਕਾਲੜਾ ਨੂੰ ਵੀ ਬਲਾਕ ਪ੍ਰਧਾਨਾ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।