ਬਠਿੰਡਾ,18 ਅਕਤੂਬਰ 2023:ਲੋਕ ਮੋਰਚਾ ਪੰਜਾਬ ਨੇ ਇਜ਼ਰਾਇਲ ਦੁਆਰਾ ਫਲਸਤੀਨ ਦੀ ਕੀਤੀ ਚੌਤਰਫਾ ਨਾਕਾਬੰਦੀ ਅਤੇ ਹਮਲੇ ਖਿਲਾਫ ਸ਼ਹਿਰ ਅੰਦਰ ਮਾਰਚ ਕੀਤਾ । ਮਾਰਚ ਤੋਂ ਪਹਿਲਾਂ ਸਥਾਨਕ ਟੀਚਰਜ਼ ਹੋਮ ਵਿਖੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਸ੍ਰੀ ਜਗਮੇਲ ਸਿੰਘ ਨੇ ਕਿਹਾ ਕਿ ਇਜਰਾਇਲ ਦਹਾਕਿਆਂ ਬੱਧੀ ਫਲਸਤੀਨ ਦੇ ਲੋਕਾਂ ਨੂੰ ਮਾਰੂ ਹਮਲਿਆਂ ਦਾ ਸ਼ਿਕਾਰ ਬਣਾਉਂਦਾ ਆ ਰਿਹਾ ਹੈ। ਫਲਸਤੀਨੀ ਲੋਕ ਇਜਰਾਇਲ ਵੱਲੋਂ ਆਪਣੀ ਹੀ ਧਰਤੀ ਤੋਂ ਬੇਦਖਲ ਕੀਤੇ ਗਏ ਹਨ ਅਤੇ ਉਹਨਾਂ ਨੂੰ ਜਮੀਨ ਦੇ ਇੱਕ ਸੌੜੇ ਟੋਟੇ ਉੱਤੇ ਜਿੰਦਗੀਆਂ ਗੁਜ਼ਾਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਫਲਸਤੀਨ ਦੀ ਕੌਮੀ ਮੁਕਤੀ ਲਹਿਰ ਨੂੰ ਦਬਾਉਣ ਲਈ ਇਜਰਾਇਲ ਉੱਥੋਂ ਦੀ ਵਸੋਂ ਉੱਪਰ ਨਿਰੰਤਰ ਮਾਰੂ ਹਥਿਆਰਾਂ ਅਤੇ ਹਮਲਿਆਂ ਦੀ ਵਰਤੋਂ ਕਰਦਾ ਆਇਆ ਹੈ। ਇਸ ਵਹਿਸ਼ੀ ਘੇਰਾਬੰਦੀ ਅਤੇ ਹਮਲੇ ਖਿਲਾਫ ਫਲਸਤੀਨੀ ਨੰਗੇ ਧੜ ਲੜਦੇ ਆਏ ਹਨ। ਫਲਸਤੀਨੀ ਲੋਕਾਂ ਦੀ ਕੌਮੀ ਮੁਕਤੀ ਦਾ ਇਹ ਸੰਘਰਸ਼ ਸੰਸਾਰ ਭਰ ਦੇ ਇਨਸਾਫ ਪਸੰਦ ਲੋਕਾਂ ਦੀ ਹਿਮਾਇਤ ਹਾਸਲ ਕਰਦਾ ਰਿਹਾ ਹੈ ਜਦੋਂ ਕਿ ਅਮਰੀਕਾ ਵਰਗੇ ਧੱਕੜ ਮੁਲਕ ਇਜ਼ਰਾਇਲ ਨੂੰ ਪਾਲਦੇ ਅਤੇ ਸ਼ਿਸ਼ਕਾਰਦੇ ਆਏ ਹਨ। ਉਨ੍ਹਾਂ ਕਿਹਾ ਕਿ ਹਮਾਸ ਵੱਲੋਂ ਇਜ਼ਰਾਇਲ ਖਿਲਾਫ ਕੀਤੀ ਗਈ ਖਾੜਕੂ ਕਾਰਵਾਈ ਹਕੀਕਤ ਵਿੱਚ ਇਜ਼ਰਾਇਲ ਵੱਲੋਂ ਇਸ ਜਾਰੀ ਰਹਿ ਰਹੇ ਹਮਲੇ ਦਾ ਹੀ ਪ੍ਰਤੀਕਰਮ ਸੀ ਪਰ ਇਸ ਕਾਰਵਾਈ ਲਈ ਹਮਸ ਨੂੰ ਸਬਕ ਸਿਖਾਉਣ ਦੇ ਨਾਂ ਹੇਠ ਫਲਸਤੀਨੀ ਵਸੋਂ ਨੂੰ ਸਬਕ ਸਿਖਾਉਣ ਦਾ ਰਾਹ ਚੁਣ ਲਿਆ ਹੈ।
ਉਨ੍ਹਾਂ ਕਿਹਾ ਕਿ ਪੂਰੀ ਦੀ ਪੂਰੀ ਵਸੋਂ ਨੂੰ ਭੋਜਨ ਦਵਾਈਆਂ, ਬਿਜਲੀ ਅਤੇ ਹੋਰ ਲੋੜੀਦੀਆਂ ਚੀਜ਼ਾਂ ਦੀ ਸਪਲਾਈ ਮੁਕੰਮਲ ਤੌਰ ਤੇ ਠੱਪ ਕਰ ਦਿੱਤੀ ਹੈ। ਫਲਸਤੀਨੀ ਵਸੋ ਨੂੰ ਭੁੱਖ ,ਜਖਮਾਂ ਅਤੇ ਬਿਮਾਰੀਆਂ ਨਾਲ ਮਰਨ ਦੇ ਰਾਹ ਸੁੱਟ ਦਿੱਤਾ ਗਿਆ ਹੈ। ਜਮੀਨੀ ਅਤੇ ਹਵਾਈ ਹਮਲਿਆਂ ਨਾਲ ਗਾਜ਼ਾ ਪੱਟੀ ਦੀ ਆਮ ਵਸੋਂ ਨੂੰ ਖੁੱਲ੍ਹਾ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਹਜ਼ਾਰਾਂ ਜਾਨਾਂ ਦੀ ਬਲੀ ਲਈ ਗਈ ਹੈ। ਹੁਣ ਇਸ ਤੋਂ ਅੱਗੇ ਜਾਂਦਿਆਂ ਫਲਸਤੀਨੀ ਵਸੋਂ ਨੂੰ ਉਤਰੀ ਗਾਜਾ ਪੱਟੀ ਖਾਲੀ ਕਰਨ ਦਾ ਫਰਮਾਨ ਚਾੜ੍ਹ ਦਿੱਤਾ ਗਿਆ ਹੈ। ਵਹਿਸ਼ੀ ਕਤਲਾਂ, ਹਮਲਿਆਂ ,ਉਜਾੜਿਆਂ ਅਤੇ ਨਾਕਾਬੰਦੀ ਨਾਲ ਫਲਸਤੀਨੀ ਵਸੋਂ ਦਾ ਸਾਹ ਘੁੱਟਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਹਰ ਪ੍ਰਕਾਰ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਇਹ ਸਮੂਹਿਕ ਕਤਲੇਆਮ ਹੈ ਜਿਸਦਾ ਸਭਨਾਂ ਦੇਸ਼ਾਂ ਅਤੇ ਸਭਨਾਂ ਲੋਕਾਂ ਨੂੰ ਜੋਰਦਾਰ ਵਿਰੋਧ ਕਰਨਾ ਚਾਹੀਦਾ ਹੈ ।ਦੁਨੀਆ ਭਰ ਦੇ ਦੇਸ਼ ਦਹਾਕਿਆਂ ਤੋਂ ਜਾਰੀ ਇਜ਼ਰਾਇਲ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੇ ਆਏ ਹਨ ਅਤੇ ਫਲਸਤੀਨ ਦੇ ਕੌਮੀ ਸੰਘਰਸ਼ ਦੀ ਹਿਮਾਇਤ ਕਰਦੇ ਆਏ ਹਨ। ਭਾਰਤ ਵੀ ਇਹਨਾਂ ਦੇਸ਼ਾਂ ਵਿੱਚ ਸ਼ਾਮਿਲ ਰਿਹਾ ਹੈ ਪਰ ਹੁਣ ਪਿਛਲੇ ਸਮੇਂ ਤੋਂ ਭਾਰਤੀ ਹਕੂਮਤ ਸਾਮਰਾਜੀ ਹਿਤਾਂ ਨਾਲ ਵੱਧ ਤੋਂ ਵੱਧ ਟੋਚਨ ਹੁੰਦੀ ਜਾ ਰਹੀ ਹੈ। ਇਹਨੇ ਇਜਰਾਇਲ ਨਾਲ ਅਨੇਕਾਂ ਹਥਿਆਰਾਂ ਅਤੇ ਜਾਸੂਸੀ ਉਪਕਰਨਾਂ ਦੇ ਸਮਝੌਤੇ ਕੀਤੇ ਹਨ ਜਿਨ੍ਹਾਂ ਦੀ ਵਰਤੋਂ ਇਥੋਂ ਦੇ ਲੋਕਾਂ ਖਿਲਾਫ ਉਹਨਾਂ ਦੇ ਕਿਸੇ ਵੀ ਪ੍ਰਕਾਰ ਦੇ ਵਿਰੋਧ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ।