ਐਸ.ਏ.ਐਸ ਨਗਰ, 12 ਅਕਤੂਬਰ-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦਾ ਤਿੰਨ ਦਿਨਾਂ ਸਾਲਾਨਾ ਗੁਰਮ ਸਮਾਗਮ ਭਲਕੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਦਵਿੰਦਰ ਸਿੰਘ ਖ਼ਾਲਸਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਦੱਸਿਆਂ ਕਿ ਪੰਥ ਰਤਨ ਭਾਈ ਜਸਵੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿਖੇ 13-14-15 ਅਕਤੂਬਰ ਨੂੰ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਉਹਨਾਂ ਦੱਸਿਆ ਕਿ ਇਸ ਸਮਾਗਮ ਨਾਲ ਸਬੰਧਿਤ ਧਾਰਮਿਕ ਸਮਾਗਮ ਸ਼ਾਮ ਪੰਜ ਵਜੇ ਸ਼ੁਰੂ ਹੋ ਕੇ ਰਾਤ 11.00 ਵਜੇ ਤਕ ਚੱਲੇਗਾ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਨਗੇ।
ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਸਿੱਖ ਪੰਥ ਨਾਲ ਜੁੜੀਆਂ ਪ੍ਰਸਿੱਧ ਵਿਦਵਾਨ ਹਸਤੀਆਂ ਵੱਡੀ ਗਿਣਤੀ ਵਿਚ ਸ਼ਿਰਕਤ ਕਰ ਰਹੀਆਂ ਹਨ। ਤਿੰਨ ਦਿਨਾਂ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨ ਸੁਲਤਾਨ ਸਿੰਘ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਕਰਨੈਲ ਸਿੰਘ, ਭਾਈ ਜਬਰ ਤੋੜ ਸਿੰਘ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਾਜ਼ਰੀ ਭਰਨਗੇ।
ਸz. ਗੁਰਮੀਤ ਸਿੰਘ ਨੇ ਦੱਸਿਆ ਕਿ ਤਿੰਨੋਂ ਦਿਨ ਸਮਾਗਮ ਦੌਰਾਨ ਭੈਣ ਰਵਿੰਦਰ ਕੌਰ ਵੱਲੋਂ ਰੋਜ਼ਾਨਾ ਸਿਮਰਨ ਸਾਧਨਾ ਕੀਤੀ ਜਾਵੇਗੀ ਜਦੋਂਕਿ ਭਾਈ ਦਵਿੰਦਰ ਸਿੰਘ ਖ਼ਾਲਸਾ ਖੰਨਾ ਵਾਲੇ ਅਤੇ ਭਾਈ ਅਨੰਤ ਵੀਰ ਸਿੰਘ ਯੂ ਐਸ ਏ ਵਾਲੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕਰਨਗੇ। ਇਨ੍ਹਾਂ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਫਤਿਹ ਟੀ ਵੀ ਚੈਨਲ, ਚੜ੍ਹਦੀ ਕਲਾ ਟਾਈਮ ਟੀ ਵੀ, ਸੰਗਤ ਟੀ ਵੀ ਅਤੇ ਯੂ ਟਿਊਬ ਤੇ ਬਾਣੀ ਡੋਟ ਨੈਟ ਤੇ ਕੀਤਾ ਜਾਵੇਗਾ।