ਐਸ.ਏ.ਐਸ ਨਗਰ, 12 ਅਕਤੂਬਰ – ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਕੀਤੇ ਗਏ ਯਤਨਾਂ ਸਦਕਾ ਮੁਹਾਲੀ ਵਿੱਚ ਓਲਡ ਏਜ ਹੋਮ ਵਾਸਤੇ ਲਗਭਗ ਤਿੰਨ ਏਕੜ ਜਮੀਨ ਅਲਾਟ ਹੋਣ ਦੀ ਖੁਸ਼ੀ ਵਿੱਚ ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਫੇਜ਼ 3 ਬੀ1 ਦੇ ਰੋਜ਼ ਗਾਰਡਨ ਵਿੱਚ ਸਥਿਤ ਲਾਇਬਰੇਰੀ ਵਿਖੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੀ ਵੰਡੇ ਗਏ।
ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਐਸ ਚੌਧਰੀ ਨੇ ਕਿਹਾ ਕਿ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਮੁਹਾਲੀ ਦੇ ਲੋਕ ਹਿੱਤ ਦੇ ਮਸਲਿਆਂ ਵਾਸਤੇ ਲੜਾਈ ਲੜਦੇ ਆ ਰਹੇ ਹਨ ਅਤੇ ਜਿੱਥੇ ਅਦਾਲਤਾਂ ਵਿੱਚ ਮੁਹਾਲੀ ਦੇ ਮੁੱਦਿਆਂ ਲਈ ਲੜਾਈ ਲੜਦੇ ਹਨ ਉਥੇ ਹਰ ਤਰ੍ਹਾਂ ਨਾਲ ਮੁਹਾਲੀ ਦੇ ਲੋਕਾਂ ਦੇ ਨਾਲ ਖੜਦੇ ਹਨ। ਉਹਨਾਂ ਕਿਹਾ ਕਿ ਡਿਪਟੀ ਮੇਅਰ ਸz. ਬੇਦੀ ਨੇ 10 ਸਾਲ ਲੜਾਈ ਲੜ ਕੇ ਮੁਹਾਲੀ ਵਿੱਚ ਓਲਡ ਏਜ ਹੋਮ ਵਾਸਤੇ ਜ਼ਮੀਨ ਦਿਵਾਈ ਹੈ ਜੋ ਅੱਜ ਦੇ ਸਮੇਂ ਵਿੱਚ ਸੀਨੀਅਰ ਸਿਟੀਜਨਾਂ ਦੇ ਹੱਕ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਹੈ।
ਇਸ ਮੌਕੇ ਬੋਲਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੌਜੂਦਾ ਸਮਾਜਿਕ ਤਾਣੇ ਬਾਣੇ ਵਿੱਚ ਬਜ਼ੁਰਗ ਇਕੱਲਤਾ ਵਾਲਾ ਜੀਵਨ ਬਤੀਤ ਕਰਦੇ ਹਨ ਅਤੇ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਹਨ। ਉਹਨਾਂ ਕਿਹਾ ਕਿ ਕਈ ਨੌਜਵਾਨ ਆਪਣੇ ਬਜ਼ੁਰਗ ਮਾਪਿਆਂ ਦੀ ਅਣਦੇਖੀ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ। ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਬਿਰਧ ਆਸ਼ਰਮ ਇੱਕ ਅਜਿਹੀ ਥਾਂ ਹੈ ਜਿੱਥੇ ਇਹ ਬਜ਼ੁਰਗ ਆਪਣੀ ਇਕੱਲਤਾ ਨੂੰ ਵੀ ਦੂਰ ਕਰ ਸਕਦੇ ਹਨ ਅਤੇ ਆਪਣੀ ਆਖਰੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਨਾਲ ਬਤੀਤ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਇਸੇ ਮਕਸਦ ਨੂੰ ਲੈ ਕੇ ਉਹਨਾਂ ਨੇ 10 ਸਾਲ ਪਹਿਲਾਂ ਅਦਾਲਤ ਵਿੱਚ ਕੇਸ ਪਾਇਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਮੁਹਾਲੀ ਸਮੇਤ ਪੰਜਾਬ ਨੂੰ ਕੇਂਦਰ ਬਿੰਦੂ ਵਿੱਚ ਰੱਖ ਕੇ ਇਹ ਕੇਸ ਪਾਇਆ ਸੀ ਪਰ ਮਾਨਯੋਗ ਅਦਾਲਤ ਨੇ ਹਰਿਆਣਾ ਨੂੰ ਵੀ ਇਸ ਦੇ ਨਾਲ ਜੋੜ ਦਿੱਤਾ ਅਤੇ ਹੁਣ ਹਰਿਆਣਾ ਨੇ ਵੀ ਐਲਾਨ ਕਰ ਦਿੱਤਾ ਹੈ ਕਿ 2024 ਤੱਕ ਹਰਿਆਣਾ ਵਿੱਚ 22 ਬਿਰਧ ਆਸ਼ਰਮ ਬਣਨਗੇ।
ਇਸ ਮੌਕੇ ਸੁਖਵਿੰਦਰ ਸਿੰਘ ਸਕੱਤਰ ਜਨਰਲ, ਬਲਬੀਰ ਸਿੰਘ ਅਰੋੜਾ ਸਕੱਤਰ ਵਿੱਤ, ਮਨਜੀਤ ਸਾਹਨੀ, ਸੀਮਾ ਰਾਵਤ ਲਾਈਬ੍ਰੇਰੀਅਨ, ਭੁਪਿੰਦਰ ਸਿੰਘ ਬਲ ਸਕੱਤਰ ਵੈਲਫੇਅਰ, ਭਗਵੰਤ ਸਿੰਘ, ਬੀਐਸ ਚਾਵਲਾ ਆਦਿ ਹਾਜ਼ਰ ਸਨ।