ਸਰੀ, 12 ਅਕਤੂਬਰ 2023-ਗੁਰੂ ਨਾਨਕ ਫੂਡ ਬੈਂਕ ਸਰੀ ਵੱਲੋਂ ਰਿਫਲੈਕਸ਼ਨ ਬੈਂਕੁਇਟ ਹਾਲ ਵਿਚ ਸ਼ੁਕਰਾਨਾ ਦਿਵਸ (ਥੈਂਕਸ ਗਿਵਿੰਗ ਡੇ) ਮਨਾਇਆ ਗਿਆ ਜਿਸ ਵਿਚ ਸ਼ਾਮਲ ਹੋ ਕੇ ਸੈਂਕੜੇ ਲੋਕਾਂ ਨੇ ਪ੍ਰੀਤੀ ਭੋਜ ਦਾ ਅਨੰਦ ਮਾਣਿਆ। ਗੁਰੂ ਨਾਨਕ ਫੂਡ ਬੈਂਕ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਨੇ ਇਸ ਮੌਕੇ ਫੂਡ ਬੈਂਕ ਦੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਾਨੀਆਂ ਦੇ ਸਹਿਯੋਗ ਨਾਲ ਹੀ ਗੁਰੂ ਨਾਨਕ ਫੂਡ ਬੈਂਕ ਵੱਲੋਂ ਪਿਛਲੇ ਤਿੰਨ ਸਾਲਾਂ ਵਿਚ 38 ਮਿਲੀਅਨ ਡਾਲਰ ਦੀਆਂ ਖੁਰਾਕੀ ਵਸਤਾਂ ਲੋੜਵੰਦਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਫੂਡ ਬੈਂਕ ਹਰ ਮਹੀਨੇ ਲੱਗਭੱਗ 15 ਹਜ਼ਾਰ ਪਰਿਵਾਰਾਂ ਦਾ ਸਹਾਰਾ ਬਣ ਰਿਹਾ ਹੈ।
ਭਾਈਚਾਰੇ ਦੇ ਭਰਵੇਂ ਯੋਗਦਾਨ ਸਦਕਾ ਹੀ ਗੁਰੂ ਨਾਨਕ ਫੂਡ ਬੈਂਕ ਇਕ ਦਿਨ ਵਿਚ 213 ਟਨ ਭੋਜਨ ਇਕੱਤਰ ਕਰਨ ਦਾ ਨਵਾਂ ਰਿਕਾਰਡ ਵੀ ਕਾਇਮ ਕਰ ਸਕਿਆ ਹੈ।
ਗਿਆਨੀ ਨਰਿੰਦਰ ਸਿੰਘ ਨੇ ਕਿਹਾ ਕਿ ਹੁਣ ਗੁਰੂ ਨਾਨਕ ਫੂਡ ਬੈਂਕ ਸਿਰਫ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਕਮਿਊਨਿਟੀ ਵੱਲੋਂ ਇਸ ਨੂੰ ਜੋ ਦਿੱਤਾ ਜਾ ਰਿਹਾ ਹੈ, ਉਸ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਸੰਬਧ ਵਿਚ ਛੁੱਟੀਆਂ ਦੌਰਾਨ 35-40 ਸਕੂਲੀ ਬੱਚਿਆਂ ਵੱਲੋਂ ਵਲੰਟੀਅਰ ਦੇ ਤੌਰ ‘ਤੇ ਨਿਭਾਈ ਸੇਵਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵਾਲੰਟੀਅਰਾਂ ਵੱਲੋਂ ਹੁਣ ਤੱਕ ਗੁਰੂ ਨਾਨਕ ਫੂਡ ਬੈਂਕ ਵਿਚ ਇਕ ਲੱਖ ਘੰਟੇ ਵਾਲੰਟੀਅਰ ਸੇਵਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਗੁਰੂ ਨਾਨਕ ਫੂਡ ਬੈਂਕ ਵੱਲੋਂ ਇਕ ਡਿਜ਼ੀਟਲ ਪਲੇਟਫਾਰਮ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ, ਵਰਕ ਪਰਮਿਟ ਧਾਰਕਾਂ ਅਤੇ ਵਿਤਕਰੇ ਦਾ ਸ਼ਿਕਾਰ ਹੋ ਰਹੇ ਦਾ ਸੋਸ਼ਣ ਰੋਕਿਆ ਜਾ ਸਕੇ। ਉਨ੍ਹਾਂ ਡੈਲਟਾ ਸਿਟੀ, ਡੈਲਟਾ ਪੁਲਿਸ, ਸਰੀ ਪੁਲਿਸ, ਡੈਲਟਾ ਤੇ ਸਰੀ ਦੇ ਫਾਇਰ ਫਾਈਟਰਾਂ ਅਤੇ ਰਿਫਲੈਕਸ਼ਨ ਬੈਂਕੁਇਟ ਹਾਲ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਗੁਰੂ ਨਾਨਕ ਫੂਡ ਬੈਂਕ ਦੇ ਡਾਇਰੈਕਟਰ ਜਤਿੰਦਰ ਜੇ ਮਿਨਹਾਸ ਨੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫੂਡ ਬੈਂਕ ਦੀ ਡੈਲਟਾ ਬਰਾਂਚ ਵਿਚ ਕੂਲਰ ਲੱਗ ਗਿਆ ਹੈ ਅਤੇ ਹੁਣ ਲੋੜਵੰਦਾਂ ਨੂੰ ਹਰੀਆਂ ਸਬਜ਼ੀਆਂ ਵੀ ਉਪਲਬਧ ਹੋ ਸਕਣਗੀਆਂ। ਇਸ ਮੌਕੇ ਵਾਲੰਟੀਅਰ ਬੱਚਿਆਂ ਵੱਲੋਂ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ।