ਬਠਿੰਡਾ, 10 ਅਕਤੂਬਰ 2023: ਪਟਿਆਲਾ ਜ਼ਿਲ੍ਹੇ ਦੇ ਪਿੰਡ ਰੈਸਲ ਦੀ ਰਹਿਣ ਵਾਲੇ ਲਵਲੀਨ ਕੌਰ ਨੇ ਸਖ਼ਤ ਮਿਹਨਤ ਅਤੇ ਕਾਬਲੀਅਤ ਦੇ ਦਮ ਤੇ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਭਰਤੀ ਹੋਣ ‘ਚ ਸਫਲਤਾ ਹਾਸਲ ਕਰਕੇ ਨਾ ਕੇਵਲ ਆਪਣੇ ਮਾਪਿਆਂ ਬਲਕਿ ਆਪਣੇ ਸਮੁੱਚੇ ਖਾਨਦਾਨ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਲਵਲੀਨ ਕੌਰ
ਦੇ ਪਿਤਾ ਚਮਕੌਰ ਸਿੰਘ ਵੀ ਪੰਜਾਬ ਪੁਲਿਸ ’ਚ ਸਬ-ਇੰਸਪੈਕਟਰ ਹਨ ਜਿਨ੍ਹਾਂ ਦੇ ਘਰ ਖੁਸ਼ੀਆਂ ਵਾਲਾ ਮਾਹੌਲ ਬਣਿਆ ਹੋਇਆ ਹੈ।ਚਮਕੌਰ ਸਿੰਘ ਨੇ ਲਵਲੀਨ ਕੌਰ ਨੂੰ ਵਧਾਈ ਦੇ ਕੇ ਖੁਸ਼ੀ ਸਾਂਝੀ ਕੀਤੀ ਅਤੇ ਆਖਿਆ ‘ਸ਼ੁਕਰੀਆ ਧੀਏ’ ਤੂੰ ਸਾਡਾ ਅਤੇ ਸਾਡੇ ਪਿੰਡ ਦਾ ਹੀ ਨਹੀਂ ਪੂਰੇ ਪੰਜਾਬ ਦੀਆਂ ਧੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ।
ਇਹਨਾਂ ਦਿਨਾਂ ਦੌਰਾਨ ਸਬ ਇੰਸਪੈਕਟਰ ਚਮਕੌਰ ਸਿੰਘ ਪਟਿਆਲਾ ਜ਼ਿਲ੍ਹੇ ਦੀ ਛੀਟਾਂ ਵਾਲਾ ਪੁਲਿਸ ਚੌਂਕੀ ਦੇ ਇੰਚਾਰਜ ਹਨ । ਚਮਕੌਰ ਸਿੰਘ ਕਰੀਬ 28 ਸਾਲ ਪਹਿਲਾਂ ਸਿਪਾਹੀ ਦੇ ਤੌਰ ’ਤੇ ਪੁਲਿਸ ਵਿਚ ਭਰਤੀ ਹੋਏ ਸੀ ਜਿੰਨ੍ਹਾਂ ਨੂੰ ਧੀ ਵਾਲੇ ਅਹੁਦੇ ਤੱਕ ਪੁੱਜਣ ਲਈ 27 ਸਾਲ ਦਾ ਲੰਬਾ ਇੰਤਜ਼ਾਰ ਕਰਨਾ ਪਿਆ ਸੀ ਜਦੋਂ ਕਿ ਉਨ੍ਹਾਂ ਦੀ ਧੀ ਸਿੱਧੇ ਹੀ ਸਬ-ਇੰਸਪੈਕਟਰ ਭਰਤੀ ਹੋਣ ‘ਚ ਸਫਲ ਹੋਈ ਹੈ। ਭਾਵੇਂ ਪੰਜਾਬ ਪੁਲਿਸ ਤੇ ਇੱਕ ਚੰਗੇ ਅਹੁਦੇ ਵਾਲੀ ਨੌਕਰੀ ਨੂੰ ਸੂਬੇ ਵਿੱਚ ਇੱਕ ਵੱਖਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਪਰ ਰੌਚਕ ਤੱਥ ਹੈ ਕਿ ਔਖੇ ਪਰਿਵਾਰਕ ਹਾਲਾਤਾਂ ਦਰਮਿਆਨ ਲਵਲੀਨ ਕੌਰ ਨੇ ਕੁੱਝ ਕਰ ਦਿਖਾਉਣ ਦਾ ਸੁਫਨਾ ਲਿਆ ਸੀ ਜੋ ਉਸ ਨੇ ਲਗਨ, ਹਿੰਮਤ ਅਤੇ ਹੌਸਲੇ ਨਾਲ ਪੂਰਾ ਕਰ ਦਿਖਾਇਆ ਹੈ।
ਉਹ ਵੀ ਦਿਨ ਸਨ ਜਦੋਂ ਧੀਆਂ ਭੈਣਾਂ ਦਾ ਘਰੋਂ ਪੈਰ ਪੁੱਟਣਾ ਜੁਰਮ ਬਰਾਬਰ ਸਮਝਿਆ ਜਾਂਦਾ ਸੀ ਪਰ ਲਵਲੀਨ ਕੌਰ ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਕੁੜੀਆਂ ਕੁੱਝ ਠਾਣ ਲੈਣ ਤਾਂ ਉਹ ਕਰਕੇ ਦਿਖਾ ਸਕਦੀਆਂ ਹਨ। ਲਵਲੀਨ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਡਿਊਟੀ ਨਿਭਾ ਰਹੀ ਹੈ ਅਤੇ ਸਿਖਲਾਈ ਉਪਰੰਤ ਪੰਜਾਬ ਪੁਲਿਸ ਵਿੱਚ ਆਪਣੀ ਪ੍ਰਸ਼ਾਸ਼ਨਿਕ ਸਮਰੱਥਾ ਦਾ ਲੋਹਾ ਮਨਵਾਉਂਦੀ ਨਜ਼ਰ ਆਵੇਗੀ। ਲੋਹੜੇ ਦੇ ਆਤਮ ਵਿਸ਼ਵਾਸ ਨਾਲ ਭਰੀ ਲਵਲੀਨ ਨੇ ਦੱਸਿਆ ਕਿ ਉਸ ਨੂੰ ਆਪਣੇ, ‘‘ਪਿਤਾ ਦੇ ਵਰਦੀ ਪਾਈ ਬਹੁਤ ਸੋਹਣੀ ਲੱਗਦੀ ਸੀ ਜਿਸ ਨੂੰ ਦੇਖਦਿਆਂ ਉਸਦੀ ਦਿਲੀ ਇੱਛਾ ਸੀ ਕਿ ਜੇ ਕਦੇ ਮੌਕਾ ਮਿਲਿਆ ਤਾਂ ਉਹ ਪੰਜਾਬ ਪੁਲਿਸ ਦਾ ਹਿੱਸਾ ਬਣਨ ਨੂੰ ਤਰਜੀਹ ਦੇਵੇਗੀ। ਉਸਨੇ ਦਰਸਾ ਦਿੱਤਾ ਹੈ ਕਿ ਹਰ ਕੋਈ ਮਹਿਲਾ ਰੁਜ਼ਗਾਰ ਲਈ ਇਸ ਰਸਤੇ ਤੇ ਤੁਰ ਸਕਦੀ ਹੈ।
ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਅਤੇ ਚਾਚਾ ਵੱਲੋਂ ਦਿੱਤੀ ਗਈ ਪ੍ਰੇਰਨਾ ਦੇ ਸਿਰ ਬੰਨ੍ਹਿਆ ਅਤੇ ਕਿਹਾ ਕਿ ਦੋਵਾਂ ਨੇ ਉਸ ਦੇ ਸੁਫਨਿਆਂ ਨੂੰ ਖੰਭ ਲਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਹੈ। ਉਨਾਂ ਦੱਸਿਆ ਦੋਵਾਂ ਨੇ ਹੀ ਉਸ ਨੂੰ ਸਿਵਲ ਸਰਵਿਸ ਦੀ ਤਿਆਰੀ ਕਰਨ ਅਤੇ ਵੱਖ-ਵੱਖ ਤਰ੍ਹਾਂ ਦੀ ਪ੍ਰੀਖਿਆ ਦੇਣ ਸਬੰਧੀ ਹੌਂਸਲਾ ਤੇ ਹੱਲਾਸ਼ੇਰੀ ਦਿੱਤੀ । ਲਵਲੀਨ ਆਖਦੀ ਹੈ ਕਿ ਮਾਪੇ ਹਮੇਸ਼ਾ ਹੀ ਆਖਦੇ ਸਨ ਕਿ ਕਿ ਜੇ ਬੰਦਾ ਚਾਹੇ ਤਾਂ ਸਮੁੰਦਰਾਂ ਦੇ ਰਾਹ ਬਦਲ ਸਕਦਾ ਹੈ । ਉਸ ਨੇ ਆਪਣਾ ਅਹਿਦ ਪ੍ਰਗਟਾਇਆ ਕਿ ਉਹ ਸਭ ਨੂੰ ਇਨਸਾਫ ਦੇਣ ਦੀ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਆਪਣੇ ਤੌਰ ਤੇ ਜਿੰਨਾਂ ਇਨਸਾਫ਼ ਤੁਸੀਂ ਦੇ ਸਕਦੇ ਹੋ ਉਹ ਜਰੂਰ ਦੇਣਾ ਚਾਹੀਦਾ ਹੈ। ਖਾਸ ਤੌਰ ਤੇ ਬੇਕਸੂਰ ਲੋਕਾਂ ਨਾਲ ਬੇਇਨਸਾਫੀ ਤਾਂ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਹੈ।