ਕੈਨਬਰਾ, 9 ਅਕਤੂਬਰ – ਦੱਖਣੀ ਆਸਟ੍ਰੇਲੀਆ ਵਿਚ ਇਕ ਹਲਕੇ ਜਹਾਜ਼ ਦੇ ਕਰੈਸ਼ ਹੋਣ ਕਾਰਨ ਪਾਇਲਟ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਇਹ ਜਾਣਕਾਰੀ ਅੱਜ ਸਥਾਨਕ ਮੀਡੀਆ ਨੇ ਦਿੱਤੀ। ਦੱਖਣੀ ਆਸਟ੍ਰੇਲੀਆ ਪੁਲੀਸ ਨੇ ਅੱਜ ਹਾਦਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਨੂੰ ਹੋਏ ਇਸ ਹਾਦਸੇ ਵਿੱਚ ਪਾਇਲਟ ਦੇ 24 ਸਾਲਾ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਨੂੰ ਜ਼ਖਮੀ ਹਾਲਤ ਵਿੱਚ ਰਾਇਲ ਐਡੀਲੇਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪਿਤਾ-ਪੁੱਤਰ ਦੀ ਜੋੜੀ ਸੇਸਨਾ ਲਾਈਟ ਏਅਰਕ੍ਰਾਫਟ ਉਡਾ ਰਹੀ ਸੀ ਜਦੋਂ ਬੀਤੀ ਸ਼ਾਮ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ਐਡੀਲੇਡ ਤੋਂ ਲਗਭਗ 200 ਕਿਲੋਮੀਟਰ ਉੱਤਰ ਵਿਚ ਕ੍ਰਿਸਟਲ ਬਰੂਕ ਦੇ ਛੋਟੇ ਜਿਹੇ ਕਸਬੇ ਕੋਲ ਇਕ ਖੇਤ ਵਿਚ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਦੇ ਜਾਂਚਕਰਤਾ ਜਹਾਜ਼ ਦੇ ਸੰਚਾਲਨ, ਰੱਖ-ਰਖਾਅ ਅਤੇ ਇੰਜੀਨੀਅਰਿੰਗ ਵਿੱਚ ਮਾਹਰ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਘਟਨਾ ਸਬੰਧੀ ਜਾਣਕਾਰੀ ਲਈ ਗਵਾਹਾਂ ਜਾਂ ਵਿਅਕਤੀਆਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ। ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਦੀਆਂ ਸੜਕਾਂ ਅੱਜ ਬੰਦ ਰਹੀਆਂ ਅਤੇ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ।