ਐਸ ਏ ਐਸ ਨਗਰ, 9 ਅਕਤੂਬਰ – ਸ਼ਿਵ ਸੈਨਾ ਹਿੰਦੁਸਤਾਨ (ਯੂਥ ਵਿੰਗ) ਦਾ ਇੱਕ ਵਫਦ ਸੂਬਾ ਯੂਥ ਪ੍ਰਧਾਨ ਅਰਵਿੰਦ ਗੌਤਮ ਦੀ ਪ੍ਰਧਾਨਗੀ ਵਿੱਚ ਐਸ ਪੀ ਜਗਜੀਤ ਸਿੰਘ ਜੱਲਾ ਨੂੰ ਮਿਲਿਆ ਅਤੇ ਐਸਐਸਪੀ ਮੁਹਾਲੀ ਦੇ ਨਾਂ ਮੰਗ ਪੱਤਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੌਤਮ ਨੇ ਦੱਸਿਆ ਗਿਆ ਕਿ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪਲਵਿੰਦਰ ਸਿੰਘ ਤਲਵਾੜਾ (ਜੋ ਕਿ ਆਪਣੇ ਆਪ ਨੂੰ ਦੀਪ ਸਿੱਧੂ ਵੱਲੋਂ ਬਣਾਈ ਗਈ ਜਥੇਬੰਦੀ ਵਾਰਿਸ ਪੰਜਾਬ ਦੇ ਦਾ ਪ੍ਰਧਾਨ ਦੱਸਦਾ ਹੈ) ਦੇ ਖਿਲਾਫ ਲੋਕਾਂ ਨੂੰ ਉਕਸਾਉਣ ਅਤੇ ਸਮਾਜ ਵਿੱਚ ਫਿਰਕਾਪ੍ਰਸਤੀ ਫੈਲਾਉਣ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ।
ਉਹਨਾਂ ਕਿਹਾ ਕਿ ਪਲਵਿੰਦਰ ਸਿੰਘ ਤਲਵਾੜਾ ਵਲੋਂ ਜਨਤਕ ਮੰਚਾਂ ਤੇ ਵੱਖ ਵੱਖ ਆਗੂਆਂ ਦੇ ਕਤਲਾਂ ਬਾਰੇ ਬਿਆਨਬਾਜੀ ਕੀਤੀ ਜਾ ਰਹੀ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸz. ਬੇਅੰਤ ਸਿੰਘ ਦੇਕਤਲ ਕਰਵਾਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਵਿਅਕਤੀ ਵਲੋਂ ਕੀਤੀ ਜਾਂਦੀ ਬਿਆਨਬਾਜੀ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਮੁਹਾਲੀ ਪ੍ਰਭਾਰੀ ਅਖਿਲੇਸ਼ ਸਿੰਘ, ਜਿਲ੍ਹਾ ਚੇਅਰਮੈਨ ਅਸ਼ਵਨੀ ਚੌਧਰੀ, ਜਿਲਾ ਪ੍ਰਧਾਨ ਬ੍ਰਿਗੂਨਾਥ ਗਿਰੀ, ਦਿਨੇਸ਼ ਖੁਸ਼ਵਾਹਾ, ਨਾਗੇਂਦਰ ਮਿਸ਼ਰਾ, ਲਾਲ ਬਾਬੂ, ਸੁਮੀਤ ਪਠਾਨੀਆਂ, ਅਰਵਿੰਦ ਗੁਪਤਾ, ਵਿਜੈ ਸੈਣੀ, ਰੋਹਨ ਯਾਦਵ, ਰਾਮ ਪ੍ਰਕਾਸ਼, ਕਿਰਨ ਜੈਨ, ਦੀਪਕ ਜੈਨ ਆਦਿ ਵੀ ਹਾਜਿਰ ਸਨ।