ਅੰਮ੍ਰਿਤਸਰ, 9 ਅਕਤੂਬਰ 2023 :-ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸਾਲਾਨਾ ਬਰਸੀ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਜਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ, ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਨੇ ਸਰਵਣ ਕਰਵਾਇਆ।
ਇਸ ਮੌਕੇ ਗਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਕੌਮੀ ਸ਼ਹੀਦ ਹਨ ਜਿਨ੍ਹਾਂ ਨੇ ਕੌਮ ਖਾਤਰ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਕੌਮ ਹਮੇਸ਼ਾਂ ਸਜਦਾ ਕਰਦੀ ਹੈ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ ਭਾਈ ਭੁਪਿੰਦਰ ਸਿੰਘ, ਬੀਬੀ ਕੁਲਵੰਤ ਕੌਰ, ਭਾਈ ਸਤਵੰਤ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਹਰਬੰਸ ਸਿੰਘ ਹਾਜ਼ਰ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ ਦਿੱਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੋਂ ਇਲਾਵਾ ਸ. ਨਰੈਣ ਸਿੰਘ ਚੌੜਾ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਜਰਨੈਲ ਸਿੰਘ ਸਖੀਰਾ, ਸ. ਬੇਅੰਤ ਸਿੰਘ ਖਿਆਲਾ, ਸ. ਪਰਮਜੀਤ ਸਿੰਘ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ, ਮੈਨੇਜਰ ਸ. ਜਗਤਾਰ ਸਿੰਘ ਸ਼ਹੂਰਾ, ਸ. ਹਰਪ੍ਰੀਤ ਸਿੰਘ, ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ ਜੱਫ਼ਰਵਾਲ, ਸ. ਬਿਕਰਮਜੀਤ ਸਿੰਘ ਝੰਗੀ ਆਦਿ ਹਾਜ਼ਰ ਸਨ।