ਪੰਜਾਬ ਦੇ ਸਿਆਸੀ ਆਗੂਆਂ ਦੀ ਕਿੱਕਲੀ
ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਸਿਆਸੀ ਆਗੂਆਂ ਦੀ ਕਿੱਕਲੀ ਬੜੀ ਪ੍ਰਚਲਿਤ ਹੋ ਰਹੀ ਹੈ। ਦਰਅਸਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਕਿੱਕਲੀ ਪਾਉਣ ਲੱਗ ਜਾਂਦੇ ਹਨ। ਇਸ ਕਿੱਕਲੀ ਵਿੱਚ ਮੁੱਖ ਨਿਸ਼ਾਨਾ ਬਾਦਲ ਪਰਿਵਾਰ ਨੂੰ ਬਣਾਇਆ ਜਾ ਰਿਹਾ ਹੈ।
ਭਗਵੰਤ ਮਾਨ ਜਦੋਂ ਸੰਸਦ ਮੈਂਬਰ ਸਨ, ਉਦੋਂ ਵੀ ਉਹਨਾਂ ਨੇ ਕਿੱਕਲੀ ਪਾਈ ਸੀ, ਪਰ ਉਦੋਂ ਦੀ ਕਿੱਕਲੀ ਵਿੱਚ ਅਤੇ ਹੁਣ ਦੀ ਕਿੱਕਲੀ ਵਿਚ ਵੱਡਾ ਫਰਕ ਹੈ। ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿੱਧਾ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਵਾਂਗ ਹੀ ਹੋਰ ਵੀ ਕਈ ਉਮੀਦਵਾਰ ਅਤੇ ਸਿਆਸੀ ਆਗੂ ਕਿੱਕਲੀ ਪਾਉਣ ਵਰਗੀਆਂ ਗੱਲਾਂ ਹੀ ਕਰਨ ਲੱਗ ਪਏ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੀ ਸਿਆਸਤ ਹੁਣ ਦਿਸ਼ਾਹੀਣ ਹੁੰਦੀ ਜਾ ਰਹੀ ਹੈ।
ਕਈ ਸਿਆਸੀ ਆਗੂ ਅਤੇ ਉਮੀਦਵਾਰ ਅਕਸਰ ਅਜਿਹੇ ਬਿਆਨ ਦੇ ਦਿੰਦੇ ਹਨ ਜਿਹਨਾਂ ਨਾਲ ਵਿਵਾਦ ਖੜਾ ਹੋ ਜਾਂਦਾ ਹੈ। ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਬਿਹਾਰੀਆਂ ਨੂੰ ਪੰਜਾਬ ਵਿਚ ਜ਼ਮੀਨ ਖਰੀਦਣ ਅਤੇ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ, ਉਹਨਾਂ ਹਿਮਾਚਲ ਅਤੇ ਜੰਮੂ ਕਸ਼ਮੀਰ ਦੀ ਮਿਸਾਲ ਵੀ ਦਿੱਤੀ ਸੀ ਕਿ ਉਥੇ ਪੰਜਾਬੀਆਂ ਨੂੰ ਜਮੀਨ ਖਰੀਦਣ ਦਾ ਅਧਿਕਾਰ ਨਹੀਂ ਹੈ, ਪਰ ਖਹਿਰਾ ਦੇ ਵਿਰੋਧੀਆਂ ਨੇ ਖਹਿਰਾ ਵਲੋਂ ਹਿਮਾਚਲ ਅਤੇ ਜੰਮੂ ਕਸਮੀਰ ਦੀ ਦਿੱਤੀ ਉਦਾਹਰਨ ਨੂੰ ਪਿਛੇ ਸੁੱਟ ਦਿਤਾ ਅਤੇ ਬਿਹਾਰੀਆਂ ਵਾਲੀ ਗੱਲ ਚੁੱਕ ਦਿਤੀ, ਜਿਸ ਕਾਰਨ ਵਿਵਾਦ ਖੜਾ ਹੋ ਗਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਤਕ ਨੇ ਕਹਿ ਦਿਤਾ ਕਿ ਪੰਜਾਬ ਦੇ ਕੁਝ ਆਗੂ ਬਿਹਾਰੀਆਂ ਨੂੰ ਪੰਜਾਬ ਵਿਚ ਆਉਣ ਤੋਂ ਰੋਕ ਰਹੇ ਹਨ। ਇਸ ਤੋਂ ਬਾਅਦ ਭਾਵੇਂ ਖਹਿਰਾ ਨੇ ਸਪਸ਼ਟੀਕਰਨ ਵੀ ਦਿੱਤਾ ਪਰ ਤੀਰ ਕਮਾਨ ਵਿਚੋਂ ਨਿਕਲ ਚੁੱਕਿਆ ਸੀ।
ਇਸੇ ਤਰ੍ਹਾਂ ਫਰੀਦਕੋਟ ਤੋਂ ਚੋਣ ਲੜ ਰਹੇ ਹੰਸ ਰਾਜ ਹੰਸ ਵੱਲੋਂ ਵੀ ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਕਿਸਾਨਾਂ ਨੂੰ ਚੋਣਾਂ ਤੋਂ ਬਾਅਦ 2 ਜੂਨ ਨੂੰ ਦੇਖ ਲੈਣ ਦੀ ਗੱਲ ਕਹਿ ਦਿਤੀ ਗਈ, ਜਦੋਂ ਇਹ ਗੱਲ ਵੱਡਾ ਵਿਵਾਦ ਬਣ ਗਈ ਅਤੇ ਕਿਸਾਨਾਂ ਵਲੋਂ ਹੰਸ ਰਾਜ ਹੰਸ ਦਾ ਵਿਰੋਧ ਜਾਰੀ ਰਿਹਾ ਤਾਂ ਹੰਸ ਰਾਜ ਹੰਸ ਨੇ ਆਪਣੀ ਗੱਲ ਤੋਂ ਮੁਕਰਦਿਆਂ ਸਪਸ਼ੀਕਰਨ ਦਿੱਤਾ ਕਿ ਉਹਨਾਂ ਨੇ ਕਿਸਾਨਾਂ ਬਾਰੇ ਅਜਿਹੀ ਗੱਲ ਨਹੀਂ ਸੀ ਆਖੀ। ਪਰ ਉਹਨਾਂ ਨੇ ਵੀਡੀਓ ਵਿਚ ਜੋ ਕੁਝ ਕਿਹਾ ਸੀ ਉਹ ਸ਼ੋਸ਼ਲ ਮੀਡੀਆ ਵਿੱਚ ਅਜੇ ਵੀ ਘੁੰਮ ਰਿਹਾ ਹੈ।
ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੋਣ ਪ੍ਰਚਾਰ ਕਰਦਿਆਂ ਦਾਅਵਾ ਕਰ ਦਿਤਾ ਕਿ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ 15 ਸਾਲ ਜੇਲ ਕੱਟੀ ਸੀ। ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਕਈ ਸਿਆਸੀ ਆਗੂਆਂ ਨੇ ਇਸ ਗੱਲ ਦਾ ਸਬੂਤ ਦੇਣ ਲਈ ਕਹਿ ਦਿਤਾ ਅਤੇ ਸੁਖਬੀਰ ਦਾ ਇਹ ਦਾਅਵਾ ਵੀ ਵਿਵਾਦ ਪੈਦਾ ਕਰ ਗਿਆ।
ਵੱਖ ਵੱਖ ਉਮੀਦਵਾਰ ਅਤੇ ਸਿਆਸੀ ਆਗੂ ਆਏ ਦਿਨ ਅਜਿਹੇ ਬਿਆਨ ਦੇ ਰਹੇ ਹਨ, ਜਿਹਨਾਂ ਦਾ ਕੋਈ ਆਧਾਰ ਨਹੀਂ ਹੁੰਦਾ ਪਰ ਇਸ ਤਰ੍ਹਾਂ ਦਾ ਮਾਹੌਲ ਵੇਖ ਕੇ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਦਿਸ਼ਾ ਹੀਣ ਹੋ ਰਹੀ ਹੈ। ਜਿਸ ਤਰ੍ਹਾਂ ਪੰਜਾਬ ਦੇ ਸਿਆਸੀ ਆਗੂ ਚੋਣ ਪ੍ਰਚਾਰ ਕਰਦਿਆਂ ਕਿੱਕਲੀ ਪਾ ਰਹੇ ਹਨ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਸਿਆਸੀ ਆਗੂਆਂ ਦੀ ਅਸਲੀ ਕਿੱਕਲੀ ਤਾਂ ਪੰਜਾਬ ਦੇ ਵੋਟਰ 1 ਜੂਨ ਨੂੰ ਵੋਟਾਂ ਦੇ ਰੁੂਪ ਵਿਚ ਆਪਣਾ ਫੈਸਲਾ ਸੁਣਾ ਕੇ ਪਵਾਉਣਗੇ।
ਸਕਾਈ ਬਿਊਰੋ
ਦੇ ਅੰਦਰ ਸਰਕਾਰ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਹਨ।