ਫ਼ਰੀਦਕੋਟ, 9 ਅਕਤੂਬਰ 2023 : ਸਮਾਜ ਸੇਵੀ ’ਚ ਹਮੇਸ਼ਾ ਮੋਹਰੀ ਰਹਿਣ ਵਾਲੀ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਏਸ਼ੀਅਨ ਖੇਡਾਂ ’ਚ ਰਾਈਫ਼ਲ 50 ਮੀਟਰ ’ਚ ਦੇਸ਼ ਲਈ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤਣ ਵਾਲੀ ਮਾਣਮੱਤੀ ਬੇਟੀ ਸਿਫ਼ਤ ਕੌਰ ਸਮਰਾ ਨੂੰ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਉਲੰਪੀਅਨ/ਅਰਜਨਾ ਐਵਾਰਡੀ ਅਵਨੀਤ ਕੌਰ ਸਿੱਧੂ ਪੁਲਿਸ ਅਧਿਕਾਰੀ ਨੇ ਵੀ ਸਮਰਾ ਪ੍ਰੀਵਾਰ ਨੂੰ ਸਿਫ਼ਤ ਕੌਰ ਸਮਰਾ ਦੀਆਂ ਨਿਰੰਤਰ ਪ੍ਰਾਪਤੀਆਂ ਦੀ ਵਧਾਈ ਦਿੰਦਿਆਂ ਭਵਿੱਖ ’ਚ ਲਗਤਾਰ ਹੋਰ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਇਸ ਸਮੇਂ ਰੋਟਰੀ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਕਿਹਾ ਸਿਫ਼ਤ ਕੌਰ ਸਮਰਾ ਨੇ ਫ਼ਰੀਦਕੋਟ ਦਾ ਨਾਮ ਪੂਰੇ ਸੰਸਾਰ ’ਚ ਰੌਸ਼ਨ ਕੀਤਾ ਹੈ।
ਅੱਜ ਫ਼ਰੀਦਕੋਟ ਦਾ ਹਰ ਵਾਸੀ ਇਸ ਬੇਟੀ ਤੇ ਮਾਣ ਕਰ ਰਿਹਾ ਹੈ। ਇਸ ਮੌਕੇ ਸੀਨੀਅਰ ਰੋਟੇਰੀਅਨ ਅਸ਼ੋਕ ਸੱਚਰ ਨੇ ਕਿਹਾ ਸਿਫ਼ਤ ਕੌਰ ਸਮਰਾ ਹੁਣ ਸਮੁੱਚੇ ਦੇਸ਼ ਦੀ ਬੇਟੀ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਇਹ ਉਲੰਪਿਕ ’ਚ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਕਲੱਬ ਦੇ ਸਕੱਤਰ ਮਨਪ੍ਰੀਤ ਸਿੰਘ ਬਰਾੜ ਨੇ ਸਿਫ਼ਤ ਕੌਰ ਨੇ ਨਾ ਕੇਵਲ ਦੇਸ਼ ਲਈ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ ਸਗੋਂ ਬਹੁਤ ਸਾਰੇ ਨਵੇਂ ਰਿਕਾਰਡਾਂ ਦੀ ਸਿਰਜਣਾ ਕਰਕੇ ਆਪਣਾ, ਫ਼ਰੀਦਕੋਟ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਿਫ਼ਤ ਦੀਆਂ ਸਿਫ਼ਤ ਅੱਜ ਸਾਰਾ ਦੇਸ਼ ਕਰ ਕਰ ਰਿਹਾ ਹੈ, ਕਿਉਂਕਿ ਸਿਫ਼ਤ ਸਮਰਾ ਨੇ ਫ਼ਰੀਦਕੋਟ ਵਰਗੇ ਛੋਟੇ ਜਿਹੇ ਜ਼ਿਲੇ ਤੋਂ ਉੱਠ ਕੇ ਸਾਰੇ ਸੰਸਾਰ ਦਾ ਧਿਆਨ ਖਿੱਚਿਆ ਹੈ। ਇਸ ਮੌਕੇ ਰੋਟਰੀ ਕਲੱਬ ਦੇ ਸੀਨੀਅਰ ਆਗੂ ਪਿ੍ਰਤਪਾਲ ਸਿੰਘ ਕੋਹਲੀ, ਭਾਰਤ ਭੂਸ਼ਨ ਸਿੰਗਲਾ, ਅਸ਼ਵਨੀ ਬਾਂਸਲ, ਜਗਦੀਪ ਸਿੰਘ ਗਿੱਲ, ਸਿਫ਼ਤ ਕੌਰ ਸਮਰਾ ਦੇ ਪਿਤਾ ਪਵਨਦੀਪ ਸਿੰਘ ਬੰਪੀ ਸਮਰਾ, ਮਾਤਾ ਰਮਣੀਕ ਕੌਰ ਸਮਰਾ, ਤਾਇਆ ਅਮਨਦੀਪ ਸਿੰਘ ਸਮਰਾ ਵੀ ਹਾਜ਼ਰ ਸਨ। ਇੱਥੇ ਜ਼ਿਕਰਯੋਗ ਹੈ ਕਿ ਸਿਫ਼ਤ ਕੌਰ ਸਮਰਾ ਦੇ ਸੋਨ ਅਤੇ ਚਾਂਦੀ ਤਗਮੇ ਜਿੱਤ ਦੇ ਘਰ ਵਾਪਸ ਪਰਤਣ ਤੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।