ਗੰਗਟੋਕ, 5 ਅਕਤੂਬਰ – ਉੱਤਰੀ ਸਿੱਕਮ ਦੀ ਗਲੇਸ਼ੀਅਰ ਝੀਲ ਸਾਊਥ ਲਹੋਨਕ ਨੇੜੇ ਮੰਗਲਵਾਰ ਰਾਤ ਨੂੰ ਬੱਦਲ ਫਟਣ ਨਾਲ ਤੀਸਤਾ ਨਦੀ ਵਿੱਚ ਆਏ ਹੜ੍ਹ ਵਿੱਚ ਅਨੇਕ ਲੋਕ ਰੁੜ੍ਹ ਗਏ। ਫ਼ੌਜ ਦੇ 23 ਜਵਾਨਾਂ ਸਮੇਤ ਸੈਂਕੜੇ ਲਾਪਤਾ ਹਨ ਜਦਕਿ 10 ਲਾਸ਼ਾਂ ਮਿਲੀਆਂ ਹਨ। ਬੰਗਾਲ ਦੇ ਤੀਸਤਾ ਬਰਾਜ ਵਿੱਚ ਵੀ ਤਿੰਨ ਲਾਸ਼ਾਂ ਮਿਲੀਆਂ ਹਨ। ਖ਼ਦਸ਼ਾ ਹੈ ਕਿ ਇਹ ਲਾਸ਼ਾਂ ਸਿੱਕਮ ਤੋਂ ਰੁੜ੍ਹ ਕੇ ਆਈਆਂ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਨੈਸ਼ਨਲ ਹਾਈਵੇਅ 10 ਥਾਈਂ ਟੁੱਟ ਗਿਆ ਹੈ। ਸਿੱਕਮ ਦਾ ਸੜਕੀ ਸੰਪਰਕ ਸਿਲੀਗੁੜੀ ਸਮੇਤ ਦੇਸ਼ ਦੇ ਬਾਕੀ ਹਿੱਸੇ ਤੋਂ ਟੁੱਟ ਗਿਆ ਹੈ। ਸੂਬਾ ਸਰਕਾਰ ਨੇ ਇਸ ਨੂੰ ਆਫ਼ਤ ਐਲਾਨ ਦਿੱਤਾ ਹੈ। ਚਾਰ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਬਹਤ ਜ਼ਿਆਦਾ ਮੀਂਹ ਦਾ ਰੈਡ ਅਲਰਟ ਜਾਰੀ ਕੀਤਾ ਹੈ। ਇਸ ਦਾ ਅਸਰ ਰਾਹਤ ਅਤੇ ਬਚਾਅ ਕਾਰਜਾਂ ਤੇ ਪੈਣ ਦਾ ਖ਼ਦਸ਼ਾ ਹੈ। ਸੜਕਾਂ ਅਤੇ ਪੁਲਾਂ ਦੇ ਰੁੜ੍ਹ ਜਾਣ ਅਤੇ ਸੰਚਾਰ ਪ੍ਰਣਾਲੀ ਠੱਪ ਹੋਣ ਨਾਲ ਰਾਹਤ ਤੇ ਬਚਾਅ ਕਾਰਜ ਠੀਕ ਤਰ੍ਹਾਂ ਨਹੀਂ ਚੱਲ ਰਿਹਾ।
ਗੰਗਟੋਕ ਤੋਂ 150 ਕਿਲੋਮੀਟਰ ਉੱਤਰੀ ਚੀਨ ਸਰਹੱਦ ਨਾਲ ਲੱਗਦੀ ਗਲੇਸ਼ੀਅਰ ਝੀਲ ਲਹੋਨਕ ਪਹਿਲਾਂ ਤੋਂ ਭਰੀ ਸੀ। ਦੋ ਦਿਨ ਤੋਂ ਮੀਂਹ ਪੈ ਰਿਹਾ ਸੀ। ਮੰਗਲਵਾਰ ਦੇਰ ਰਾਤ ਕਰੀਬ ਸਾਢੇ 12 ਵਜੇ ਤੋਂ ਬਾਅਦ ਬੱਦਲ ਫਟ ਗਿਆ। ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਉਹ ਪਾਣੀ ਨਹੀਂ ਸੰਭਾਲ ਸਕੀ ਅਤੇ ਇਸ ਦੇ ਬੰਨ੍ਹ ਟੁੱਟ ਗਏ। ਇਸ ਨਾਲ ਲਾਚੇਨ ਵੈਲੀ ਤੋਂ ਵਗਣ ਵਾਲੀ ਤੀਸਤਾ ਨਦੀ ਵਿੱਚ ਪਾਣੀ ਦਾ ਪੱਧਰ 15 ਤੋਂ 20 ਫੁੱਟ ਉੱਚਾ ਹੋ ਗਿਆ। ਚੁੰਗਥਾਂਗ ਡੈਮ ਟੁੱਟਣ ਨਾਲ ਨਦੀ ਵਿੱਚ ਹੋਰ ਪਾਣੀ ਵਧ ਗਿਆ। ਇਸ ਨਾਲ ਭਾਰੀ ਤਬਾਹੀ ਹੋਈ। ਸਿੱਕਮ ਦੇ ਮੰਗਨ, ਪਾਕਯੋਂਗ, ਨਾਮਚੀ ਤੇ ਗੰਗਟੋਕ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਪਾਕਯੋਂਗ ਵਿੱਚ ਤੀਸਤਾ ਕਿਨਾਰੇ ਫਾਰਮਾਸਿਊਟੀਕਲ ਕੰਪਨੀਆਂ ਵਿੱਚ ਨੁਕਸਾਨ ਹੋਇਆ ਹੈ। ਤੀਸਤਾ ਨਦੀ ਦੇ ਕਿਨਾਰੇ ਰਹਿਣ ਵਾਲੇ ਤਕਰੀਬਨ 15 ਹਜ਼ਾਰ ਵਿਅਕਤੀ ਪ੍ਰਭਾਵਿਤ ਹੋਏ ਹਨ। ਫ਼ੌਜ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਦੱਸਿਆ ਕਿ ਲਾਪਤਾ ਫ਼ੌਜ ਦੇ ਜਵਾਨਾਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ। ਬਰਦਾਂਗ ਵਿੱਚ ਫ਼ੌਜ ਦੀ ਸਥਾਈ ਛਾਉਣੀ ਹੈ। ਦੇਰ ਰਾਤ ਨਦੀ ਵਿੱਚ ਹੜ੍ਹ ਆਇਆ ਤਾਂ ਸੰਭਲਣ ਦਾ ਮੌਕਾ ਨਹੀਂ ਮਿਲਿਆ। ਜਵਾਨਾਂ ਦੀ ਤਲਾਸ਼ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ। ਸਭ ਤੋਂ ਵੱਧ ਨੁਕਸਾਨ ਪਾਕਯੋਂਗ ਜ਼ਿਲ੍ਹੇ ਦੇ ਰੰਗਪੋ ਵਿੱਚ ਹੋਇਆ ਹੈ, ਜਿੱਥੇ ਉਦਯੋਗਿਕ ਖੇਤਰ ਦੇ ਕਰੀਬ 150 ਘਰ ਨੁਕਸਾਨੇ ਗਏ ਤੇ ਕੁਝ ਪਾਣੀ ਵਿੱਚ ਰੁੜ੍ਹ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਮੋਦੀ ਨੇ ਐਕਸ ਤੇ ਪੋਸਟ ਕੀਤਾ ਕਿ ਮੈਂ ਪ੍ਰਭਾਵਿਤ ਸਾਰੇ ਵਿਅਕਤੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਪ੍ਰਾਰਥਨਾ ਕਰਦਾ ਹਾਂ। ਘਟਨਾ ਬੇਹੱਦ ਦਿਲ ਨੂੰ ਵਲੂੰਧਰਨ ਵਾਲੀ ਹੈ। ਮੈਂ ਲਾਪਤਾ ਹੋਏ ਫ਼ੌਜ ਦੇ ਜਵਾਨਾਂ ਦੀ ਸਲਾਮਤੀ ਲਈ ਪ੍ਰਾਰਥਨਾ ਕਰਦਾ ਹਾਂ। ਬੇਹੱਦ ਖ਼ਰਾਬ ਮੌਸਮ ਦਰਮਿਆਨ ਇਲਾਕੇ ਵਿੱਚ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇੱਥੇ ਹੇਠਲੇ ਇਲਾਕਿਆਂ ਵਿੱਚੋਂ 10 ਹਜ਼ਾਰ ਵਿਅਕਤੀਆਂ ਨੂੰ ਹਟਾਇਆ ਗਿਆ ਹੈ। ਬੰਗਾਲ ਵਿੱਚ ਜਲਪਾਈਗੁੜੀ ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਨਦੀ ਨੇੜਲੇ ਇਲਾਕਿਆਂ ਵਿੱਚੋਂ ਵਿਅਕਤੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ।