ਨਵੀਂ ਦਿੱਲੀ, 4 ਅਕਤੂਬਰ – ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ਅੱਜ ਸਵੇਰੇ ਈ.ਡੀ. ਨੇ ਛਾਪੇਮਾਰੀ ਕੀਤੀ। ਈ.ਡੀ. ਨੇ ਇਹ ਛਾਪੇਮਾਰੀ ਦਿੱਲੀ ਦੀ ਵਿਵਾਦਿਤ ਸ਼ਰਾਬ ਨੀਤੀ ਵਿੱਚ ਘਪਲੇ ਨੂੰ ਲੈ ਕੇ ਕੀਤੀ ਹੈ। ਇਸ ਤੋਂ ਪਹਿਲਾਂ ਸੰਜੇ ਸਿੰਘ ਦੇ ਕਰੀਬੀਆਂ ਦੇ ਵੀ ਛਾਪੇ ਪਏ ਸਨ। ਸ਼ਰਾਬ ਘਪਲੇ ਦੀ ਚਾਰਜਸ਼ੀਟ ਵਿੱਚ ਵੀ ਸੰਜੇ ਸਿੰਘ ਦਾ ਨਾਮ ਸੀ। ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਰਾਬ ਨੀਤੀ ਵਿੱਚ ਘਪਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋਏ ਹਨ।
ਈ.ਡੀ. ਨੇ ਆਪਣੀ ਚਾਰਜਸ਼ੀਟ ਵਿੱਚ ਦੋਸ਼ ਲਗਾਇਆ ਸੀ ਕਿ ਸ਼ਰਾਬ ਘਪਲੇ ਦੇ ਦੋਸ਼ੀ ਵਪਾਰੀ ਦਿਨੇਸ਼ ਅਰੋੜਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਸੀ। ਇਸ ਬੈਠਕ ਵਿੱਚ ਸੰਜੇ ਸਿੰਘ ਵੀ ਮੌਜੂਦ ਸਨ। ਈ.ਡੀ. ਨੇ ਦਿਨੇਸ਼ ਅਰੋੜਾ ਵਲੋਂ ਦਿੱਤੇ ਬਿਆਨ ਅਨੁਸਾਰ, ਉਹ ਸਭ ਤੋਂ ਇਕ ਪ੍ਰੋਗਰਾਮ ਵਿੱਚ ਸੰਜੇ ਸਿੰਘ ਨੂੰ ਮਿਲਿਆ ਸੀ। ਇਸ ਤੋਂ ਬਾਅਦ ਉਹ ਮਨੀਸ਼ ਸਿਸੋਦੀਆ ਦੇ ਸੰਪਰਕ ਵਿੱਚ ਆਇਆ। ਸੂਤਰਾਂ ਦਾ ਕਹਿਣਾ ਹੈ ਕਿ ਇਹ ਦਿੱਲੀ ਚੋਣਾਂ ਤੋਂ ਪਹਿਲਾਂ ਆਪ ਨੇਤਾ ਵਲੋਂ ਆਯੋਜਿਤ ਇਕ ਫੰਡ ਜੁਟਾਉਣ ਦਾ ਪ੍ਰੋਗਰਾਮ ਸੀ।