ਚੰਡੀਗੜ੍ਹ, 2 ਅਕਤੂਬਰ 2023- ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਨਵੀਂ ਭਸੂੜੀ ਦਰਜ ਪਰਚੇ ਨੂੰ ਲੈ ਕੇ ਪੈ ਗਈ ਹੈ।
ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਨੇ ਕਿਹਾ ਹੈ ਕਿ, ਸੁਖਪਾਲ ਸਿੰਘ ਖਹਿਰਾ ਦੀ ਜਿਸ ਕੇਸ ਵਿਚ ਗ੍ਰਿਫਤਾਰੀ ਹੋਈ ਹੈ, ਉਹ ਪਰਚਾ 2015 ਵਿਚ ਦਰਜ ਹੋਇਆ ਸੀ, ਜਦੋਂਕਿ ਬਿੱਟੂ ਨੂੰ ਜਵਾਬ ਦਿੰਦਿਆਂ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ, ਸਾਡੀ ਸਰਕਾਰ ਵੇਲੇ ਖਹਿਰਾ ‘ਤੇ ਕੋਈ ਪਰਚਾ ਦਰਜ ਨਹੀਂ ਹੋਇਆ, ਬਲਕਿ ਖਹਿਰਾ ‘ਤੇ ਪਰਚਾ ਤਾਂ 2017 ਵਿਚ ਦਰਜ ਹੋਇਆ ਸੀ।
ਮਜੀਠੀਆ ਦਾ ਕਹਿਣਾ ਹੈ ਕਿ ਜਦੋਂ ਖਹਿਰਾ ‘ਤੇ ਪਰਚਾ ਦਰਜ ਹੋਇਆ ਤਾਂ ਉਸ ਵੇਲੇ ਖਹਿਰਾ AAP ਵਿਚ ਸਨ ਅਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ। ਬਿਕਰਮ ਮਜੀਠੀਆ ਨੇ ਬਿੱਟੂ ਨੂੰ ਚੈਲੰਜ ਕੀਤਾ ਕਿ, ਜੇਕਰ ਖਹਿਰਾ ਤੇ ਪਰਚਾ ਤੁਹਾਡੇ ਮੁਤਾਬਿਕ 2015 ਵਿਚ ਹੋਇਆ ਸੀ ਤਾਂ, ਉਹਦੇ ਸਬੂਤ ਲਿਆਓ।
ਦੱਸ ਦਈਏ ਕਿ, ਲੰਘੇ ਦਿਨੀਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜਲਾਲਾਬਾਦ ਪੁਲਿਸ ਵਲੋਂ ਚੰਡੀਗੜ੍ਹ ਤੋਂ ਗ੍ਰਿਫਤਾਰੀ ਕੀਤੀ ਗਈ ਅਤੇ ਬਾਅਦ ਵਿਚ ਅਦਾਲਤ ਵਿਚ ਪੇਸ਼ ਕਰਨ ਮਗਰੋਂ 2 ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਨੇ ਖਹਿਰਾ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।