ਨਵੀਂ ਦਿੱਲੀ, 27 ਸਤੰਬਰ- ਪੰਜਾਬ ਦੇ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਦੇਸ਼ ਲਈ 50 ਮੀਟਰ ਰਾਈਫ਼ਲ ਵਿੱਚ ਗੋਲਡ ਮੈਡਲ ਜਿੱਤਿਆ ਹੈ। ਉੱਥੇ ਹੀ ਆਸ਼ੀ ਚੋਕਸੇ ਨੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ ਹੈ। ਭਾਰਤ ਦੀਆਂ ਧੀਆਂ ਆਸ਼ੀ ਚੌਕਸੀ, ਸਿਫਤ ਕੌਰ ਸਮਰਾ ਤੇ ਮਾਨਿਨੀ ਕੌਸ਼ਿਕ ਨੇ ਅੱਜ ਔਰਤਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਟੀਮ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਿਫ਼ਤ ਕੌਰ ਦੀ ਪ੍ਰਾਪਤੀ ਨੂੰ ਪੰਜਾਬ ਲਈ ਮਾਣ ਵਾਲੀ ਗੱਲ ਦੱਸਦਿਆ ਸਿਫ਼ਤ ਕੌਰ ਨੂੰ ਵਧਾਈ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਅੱਜ ਏਸ਼ੀਅਨ ਗੇਮਜ਼ ਵਿੱਚ ਭਾਰਤ ਲਈ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ। ਸਿਫ਼ਤ ਨੇ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ ਵਿਅਕਤੀਗਤ ਵਰਗ ਵਿੱਚ ਨਵੇਂ ਵਿਸ਼ਵ ਰਿਕਾਰਡ ਨਾਲ ਸੋਨੇ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।
ਇਸ ਤੋਂ ਬਾਅਦ ਭਾਰਤ ਨੇ ਮਹਿਲਾਵਾਂ ਦੀ 25 ਮੀਟਰ ਟੀਮ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ। ਮਨੂ ਭਾਕਰ, ਰਿਦਮ ਸਾਂਗਵਾਨ ਤੇ ਈਸ਼ਾ ਸਿੰਘ ਦੀ ਟੀਮ ਨੇ 25 ਮੀਟਰ ਟੀਮ ਈਵੈਂਟ ਵਿੱਚ 1729 ਦੇ ਸਕੋਰ ਨਾਲ ਗੋਲਡ ਮੈਡਲ ਜਿੱਤਿਆ। ਚੀਨ 1727 ਦੇ ਸਕੋਰ ਨਾਲ ਦੂਜੇ ਸਥਾਨ ਤੇ ਰਿਹਾ। ਕੋਰੀਆ ਨੇ 1712 ਦੇ ਸਕੋਰ ਨਾਲ ਕਾਂਸੇ ਦਾ ਤਮਗਾ ਜਿੱਤਿਆ।