ਬਠਿੰਡਾ, 28 ਸਤੰਬਰ 2023: ਕੀ ‘ਲੱਕੀ ਮੰਨਿਆ ਜਾਂਦਾ ਨੰਬਰ 786’ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਦੀ ‘ਸਿਆਸੀ ਲੱਕ’ ਨੂੰ ਬਦਲ ਸਕੇਗਾ ਜੋ ਇੱਕ ਪਲਾਟ ਖਰੀਦਣ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਹਨ ? ਭਾਵੇਂ ਇਸ ਦਾ ਜੁਆਬ ਭਵਿੱਖ ਵੱਲੋਂ ਦਿੱਤਾ ਜਾਣਾ ਹੈ ਪਰ ਇੱਕ ਹਕੀਕਤ ਇਹ ਵੀ ਹੈ ਕਿ ਮਨਪ੍ਰੀਤ ਬਾਦਲ ਨੂੰ ‘ਲੱਕੀ ਨੰਬਰਾਂ’ ਤੇ ਵੱਡਾ ਭਰੋਸਾ ਹੈ। ਮੌਜੂਦਾ ਵਕਤ ਦੌਰਾਨ ਇਨਾ ਗੱਡੀਆਂ ਦੀ ਕੀ ਪੁਜੀਸ਼ਨ ਹੈ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਪਰ ਵੱਖ ਵੱਖ ਚੋਣਾਂ ਦੌਰਾਨ ਉਨ੍ਹਾਂ ਨੇ ਆਪਣੀ ਜਾਇਦਾਦ ਦੇ ਵੇਰਵਿਆਂ ਵਾਲੇ ਜਿਹੜੇ ਹਲਫੀਆ ਬਿਆਨ ਰਿਟਰਨਿੰਗ ਅਫਸਰ ਕੋਲ ਦਰਜ ਕਰਾਏ ਹਨ ਉਹਨਾਂ ਤੋਂ ਇਹ ਖੁਲਾਸਾ ਹੁੰਦਾ ਹੈ।
ਯੂਟਿਊਬ ਪਲੇਟਫਾਰਮ ਤੇ ਚੱਲ ਰਹੀਆਂ ਕਈ ਵੀਡੀਓ ਵੀ ਲੱਕੀ ਨੰਬਰ ਮਨਪ੍ਰੀਤ ਸਿੰਘ ਬਾਦਲ ਦੀ ਪਹਿਲੀ ਪਸੰਦ ਹੋਣ ਦੀ ਤਸਦੀਕ ਕਰਦੀਆਂ ਹਨ।ਵੀਡੀਓ ਮੁਤਾਬਕ ਮਨਪ੍ਰੀਤ ਬਾਦਲ ਨੂੰ ਜਿਸ ਤਰ੍ਹਾਂ ਭਾਰਤੀ ਫੌਜ ਦੀਆਂ ਪੁਰਾਣੀਆਂ ਕਾਰਾਂ ਜੀਪਾਂ ਦਾ ਸ਼ੌਕ ਹੈ,ਉਸੇ ਤਰ੍ਹਾਂ ਰਜਿਸਟ੍ਰੇਸ਼ਨ ਨੰਬਰ 786 ਵੀ ਉਹਨਾਂ ਦੀ ਪਹਿਲੀ ਪਸੰਦ ਹਨ ।ਸਾਲ 2017 ਵਿੱਚ ਵਿੱਤ ਮੰਤਰੀ ਬਣਨ ਮੌਕੇ ਉਹ ਆਪਣੀ ਲੱਕੀ ਨੰਬਰ ਵਾਲੀ ਗੱਡੀ ਖੁਦ ਚਲਾ ਕੇ ਅਹੁਦਾ ਸੰਭਾਲਣ ਗਏ ਸਨ। ਜਾਣਕਾਰੀ ਅਨੁਸਾਰ ਇਸਲਾਮ ਧਰਮ ਵਿੱਚ ਇਹ ਨੰਬਰ ਬਹੁਤ ਮਹੱਤਵ ਰੱਖਦਾ ਹੈ। ਆਮ ਲੋਕ ਵੀ ‘0786’ ਨੰਬਰ ਨੂੰ ਲੱਕੀ ਨੰਬਰ ਹੋੋਣ ਕਰਕੇ ਹੀ ਪਸੰਦ ਕਰਦੇ ਹਨ। ਇਹੋ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਵਿੱਚ ਤਾਂ ਅੰਤ ‘ਚ 786 ਵਾਲੇ ਮੋਬਾਇਲ ਨੰਬਰ ਦਾ ਵੀ ਵੱਡਾ ਕਰੇਜ਼ ਪਾਇਆ ਜਾ ਰਿਹਾ ਹੈ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੇ ਹਲਫਨਾਮੇ ਮੁਤਾਬਕ ਮਨਪ੍ਰੀਤ ਸਿੰਘ ਬਾਦਲ ਕੋਲ 2020 ਮਾਡਲ ਦੀ ਪੀ ਬੀ 03 ਬੀ ਸੀ 0786 ਇਨੋਵਾ ਕਾਰ ਹੈ ਜਿਸ ਦੀ ਕੀਮਤ ਸਾਢੇ23 ਲੱਖ ਹੈ। ਇਸੇ ਤਰ੍ਹਾਂ ਇੱਕ ਕਾਰ ਸੀ.ਆਰ. ਵੀ ਹੌਂਡਾ ਹੈ ਜਿਸ ਦਾ ਨੰਬਰ ਪੀ.ਬੀ 10 ਬੀ.ਐਸ 0786 ਹੈ ਜੋ ਕਿ ਸਾਲ 2005 ਮਾਡਲ ਹੈ ਅਤੇ ਇਸ ਦੀ ਕੀਮਤ 5 ਲੱਖ ਰੁਪਏ ਦੱਸੀ ਗਈ ਹੈ। ਸਾਬਕਾ ਮੰਤਰੀ ਕੋਲ ਫਾਰਚੂਨਰ ਕਾਰ ਹੈ ਜਿਸ ਦਾ ਮਾਡਲ 2013 , ਨੰਬਰ ਪੀ ਜੇ ਟੀ 0786 ਅਤੇ ਇਸ ਦੀ ਕੀਮਤ5 ਲੱਖ ਦਰਸਾਈ ਗਈ ਹੈ। ਇਸੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ ਜੀਪ ਪੀਬੀ 03 ਜੇ 0786 , ਪੀਬੀ 03 ਐਲ 0786, ਜੀਪ ਪੀਬੀ 60-0786 ਅਤੇ ਇੱਕ ਜੌਂਗਾ ਪੀਬੀ 10ਏਜੇ 0786 ਨੰਬਰ ਵਾਲਾ ਹੈ।ਇਨ੍ਹਾਂ ਚਾਰਾਂ ਦੀ ਪ੍ਰਤੀ ਗੱਡੀ ਕੀਮਤ 40 ਹਜ਼ਾਰ ਦੱਸੀ ਗਈ ਹੈ।
ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨ ਮੁਤਾਬਕ ਸਾਬਕਾ ਵਿੱਤ ਮੰਤਰੀ ਕੋਲ ਮੈਸੀ ਟਰੈਕਟਰ ਵੀ ਜਿਸ ਦਾ ਨੰਬਰ ਪੀ.ਬੀ 60 ਏ 7860 ਅਤੇ ਕੀਮਤ ਦੋ ਲੱਖ ਦੱਸੀ ਗਈ ਹੈ। ਉਨ੍ਹਾਂ ਕੋਲ 2003 ਮਾਡਲ ਦਾ ਕੈਂਟਰ ਨੰਬਰ ਪੀਬੀ 30ਸੀ 4323 ਕੀਮਤ 4 ਲੱਖ ਰੁਪਏ ਅਤੇ 2011 ਮਾਡਲ ਦਾ ਆਈਸ਼ਰ ਟਰੈਕਟਰ ਪੀਬੀ 60ਏ 7460 ਵੀ ਹੈ ਜਿਸ ਦੀ ਕੀਮਤ 4 ਲੱਖ 26 ਹਜ਼ਾਰ ਦਰਸਾਈ ਗਈ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਗਿੱਦੜਬਾਹਾ ਹਲਕੇ ਤੋਂ ਦਿੱਤੇ ਹਲਫੀਆ ਬਿਆਨ ਵਿੱਚ ਉਨ੍ਹਾਂ ਆਪਣੇ ਕੋਲ 2010 ਮਾਡਲ ਫਾਰਚੂਨਰ ਗੱਡੀ ਪੀਬੀ 10 ਸੀ ਟੀ 0786 ਸੀ ਪਰ 2022 ਦੀਆਂ ਚੋਣਾਂ ਮੌਕੇ ਜਿਕਰ ਨਾਂ ਹੋਣਾ ਦੱਸਦਾ ਹੈ ਕਿ ਇਹ ਗੱਡੀ ਉਹਨਾਂ ਕੋਲ ਹੁਣ ਨਹੀਂ ਹੈ। ਇਨ੍ਹਾਂ ਨੰਬਰਾਂ ਦੀ ਸੀਰੀਜ਼ ਵੱਖ-ਵੱਖ ਹੋਣ ਤੋਂ ਇੱਕ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਇਨ੍ਹਾਂ ਨੰਬਰਾਂ ਦੀ ਤਲਾਸ਼ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਕੀਤੀ ਗਈ ਹੈ।
ਸਧਾਰਨ ਨਜ਼ਰੀਏ ਤੋਂ ਦੇਖਿਆ ਜਾਏ ਤਾਂ ਇਨ੍ਹਾਂ ਹਲਫ਼ਨਾਮਿਆਂ ਵਿਚਲੇ ਤੱਥਾਂ ਤੋਂ ਜਾਪਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ‘ਲੱਕੀ ਨੰਬਰ’ ਦੇ ਬੇਹਦ ਸ਼ੌਕੀਨ ਹਨ। ਮਨਪ੍ਰੀਤ ਸਿੰਘ ਬਾਦਲ ਜਿੱਥੇ ਗੱਡੀਆਂ ਦਾ ਚੰਗਾ ਸ਼ੌਂਕ ਰੱਖਦੇ ਹਨ ਉੱਥੇ ਉਨ੍ਹਾਂ ਦੀ ਖੁਦ ਡਰਾਈਵਿੰਗ ਕਰਨ ਵਿੱਚ ਵੀ ਵੱਡੀ ਰੁਚੀ ਹੈ। ਮਨਪ੍ਰੀਤ ਸਿੰਘ ਬਾਦਲ ਜਾਂ ਫਿਰ ਹੋਰ ਕੋਈ ਜੋ ਮਰਜ਼ੀ ਹੋਵੇ ਉਨ੍ਹਾਂ ਦਾ ਇਸ ਤਰ੍ਹਾਂ ਦੇ ਨੰਬਰ ਲੈਣ ਪਿੱਛੇ ਕੋਈ ਵੀ ਤਰਕ ਹੋਵੇ ਪ੍ਰੰਤੂ ਆਮ ਪ੍ਰਭਾਵ ਇਹੋ ਬਣਦਾ ਹੈ ਕਿ ਅਜਿਹਾ ਕਰਨ ਵਾਲੇ ਲੋਕ ‘ਲੱਕੀ ਨੰਬਰ’ ਵਿੱਚ ਵਿਸ਼ਵਾਸ਼ ਰੱਖਦੇ ਹਨ। ਇਕੱਲੇ 786 ਹੀ ਨਹੀਂ ਬਲਕਿ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਨੰਬਰ ਹਨ ਜਿਨ੍ਹਾਂ ਨੂੰ ਆਮ ਲੋਕਾਂ ਵੱਲੋਂ ਆਪਣੇ ਲਈ ਕਿਸਮਤ ਵਾਲੇ ਮੰਨਿਆ ਜਾਂਦਾ ਹੈ ਜਿਨ੍ਹਾਂ ‘ਚ 1313 ਵੀ ਅਹਿਮ ਸਥਾਨ ਰੱਖਦਾ ਹੈ।
ਬਰਕਤ ਵਾਲਾ ਨੰਬਰ 786: ਇਮਾਮ
ਜਾਮਾ ਮਸਜਿਦ ਬਠਿੰਡਾ ਦੇ ਇਮਾਮ ਮੁਹੰਮਦ ਰਮਜ਼ਾਨ ਦਾ ਕਹਿਣਾ ਸੀ ਕਿ ਜੇਕਰ ਇਸਲਾਮ ਧਰਮ ਦੇ ਪਾਕ ਪਵਿੱਤਰ ਸ਼ਬਦ ‘ ਬਿਸਮਿੱਲਾ ਏ ਰਹਿਮਾਨ ਰਹੀਮ’ ਦਾ ਨੰਬਰ ਕੱਢੀਏ ਤਾਂ ਉਹ 786 ਨਿਕਲਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ 786 ਨੰਬਰ ਨੂੰ ਬਰਕਤ ਅਤੇ ਅੱਲ੍ਹਾ ਦੀ ਰਹਿਮਤ ਵਾਲਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ, ਇਸ ਕਰਕੇ ਨਾ ਕੇਵਲ ਇਸਲਾਮ ਧਰਮ ਦੇ ਮੁਰੀਦ ਬਲਕਿ ਹੋਰਨਾਂ ਧਰਮਾਂ ਦੇ ਲੋਕ ਵੀ ਇਸ ਨੰਬਰ ਨੂੰ ਲੱਕੀ ਮੰਨਦੇ ਹਨ। ਜਿਸ ਕਾਰਨ ਇਹ ਨੰਬਰ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਸ਼ਾਮਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਨੂੰ 786 ਨੰਬਰ ‘ਤੇ ਪੂਰਨ ਵਿਸ਼ਵਾਸ ਹੋਵੇ, ਉਸ ‘ਤੇ ਦੇਰ ਸਵੇਰ ਅੱਲਾ ਤਾਲਾ ਦੀ ਰਹਿਮਤ ਜ਼ਰੂਰ ਹੁੰਦੀ ਹੈ।