ਦੀਨਾਨਗਰ, 26 ਸਤੰਬਰ -ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਬੀਤੀ ਰਾਤ ਵੀ ਬੀ ਓ ਪੀ ਆਦੀਆਂ ਦੀ ਭਾਰਤੀ ਸੀਮਾ ਵਿੱਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਫ਼ਾਇਰਿੰਗ ਕਰਕੇ ਵਾਪਸ ਭੇਜਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ਼ ਦੀ ਆਦੀਆਂ 58 ਬਟਾਲੀਅਨ ਚੌਂਕੀ ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਡਰੋਨਾਂ ਤੇ ਗੋਲੀਬਾਰੀ ਕੀਤੀ ਅਤੇ ਵਾਪਸ ਭੇਜ ਦਿੱਤਾ। ਬੀ.ਐਸ.ਐਫ਼ ਅਧਿਕਾਰੀਆਂ ਅਨੁਸਾਰ ਜਵਾਨਾਂ ਨੇ ਪਹਿਲਾਂ ਰਾਤ ਕਰੀਬ 11:44 ਵਜੇ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਫਿਰ ਜਵਾਨਾਂ ਨੇ 10 ਰਾਊਂਡ ਫ਼ਾਇਰ ਕੀਤੇ। ਪ੍ਰਾਪਤ ਜਾਣਕਾਰੀ ਅਨੁਸਾਰ ਜਵਾਨਾਂ ਵੱਲੋਂ ਕੁੱਲ 10 ਰਾਊਂਡ ਫ਼ਾਇਰ ਕੀਤੇ ਗਏ ਅਤੇ 1 ਰੌਸ਼ਨੀ ਵਾਲਾ ਗੋਲਾ ਦਾਗਿਆ ਗਿਆ ਜਿਸ ਤੋਂ ਬਾਅਦ ਡਰੋਨ ਆਖ਼ਰਕਾਰ ਪਾਕਿਸਤਾਨ ਵੱਲ ਪਰਤ ਗਿਆ।
ਇਸ ਮੌਕੇ ਡੀ ਐਸ ਪੀ ਦੀਨਾਨਗਰ ਬਲਜੀਤ ਸਿੰਘ ਕਾਹਲੋ, ਡੀ ਐਸ ਪੀ ਗੁਰਦਾਸਪੁਰ ਸੁਖਪਾਲ ਸਿੰਘ ਥਾਣਾ ਮੁਖੀ ਦੌਰਾਗਲਾ ਮਨਜੀਤ ਸਿੰਘ ਵੱਲੋਂ ਭਾਰੀ ਫ਼ੋਰਸ ਨਾਲ ਪਹੁੰਚੇ ਕੇ ਬੀ ਐਸ ਐਫ਼ ਅਤੇ ਪੁਲੀਸ ਵੱਲੋਂ ਇਲਾਕੇ ਅੰਦਰ ਸਰਚ ਅਭਿਆਨ ਕੀਤਾ ਜਾ ਰਿਹਾ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।