ਨਵੀਂ ਦਿੱਲੀ, 21 ਸਤੰਬਰ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਦਿੱਲੀ ਸਥਿਤ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੇ ਕੁੱਲੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯਾਤਰੀਆਂ ਦਾ ਸਾਮਾਨ ਵੀ ਸਿਰ ਤੇ ਚੁੱਕਿਆ। ਕਾਂਗਰਸ ਪਾਰਟੀ ਨੇ ਐਕਸ ਤੇ ਰਾਹੁਲ ਗਾਂਧੀ ਅਤੇ ਕੁੱਲੀਆਂ ਦੀ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਾਰਟੀ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ਜਨਨਾਇਕ ਰਾਹੁਲ ਗਾਂਧੀ ਜੀ ਅੱਜ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੇ ਕੂਲੀ ਸਾਥੀਆਂ ਨੂੰ ਮਿਲੇ। ਲਾਲ ਰੰਗ ਦੀ ਕੁੱਲੀ ਦੀ ਵਰਦੀ ਵਿਚ ਰਾਹੁਲ ਗਾਂਧੀ ਰੇਲਵੇ ਸਟੇਸ਼ਨ ਤੇ ਦਿਸੇ।
ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦਿੱਲੀ ਦੇ ਆਨੰਦ ਵਿਹਾਰ ਟਰਮੀਨਲ ਤੇ ਉੱਥੇ ਕੰਮ ਕਰਨ ਵਾਲੀ ਕੂਲੀ ਭਰਾਵਾਂ ਨਾਲ ਮੁਲਾਕਾਤ ਕੀਤੀ। ਕਾਫੀ ਸਮੇਂ ਤੋਂ ਮੇਰੇ ਮਨ ਵਿੱਚ ਵੀ ਇੱਛਾ ਸੀ ਅਤੇ ਉਨ੍ਹਾਂ ਨੇ ਵੀ ਬਹੁਤ ਪਿਆਰ ਨਾਲ ਬੁਲਾਇਆ ਸੀ। ਭਾਰਤ ਦੇ ਮਿਹਨਤੀ ਭਰਾਵਾਂ ਦੀ ਇੱਛਾ ਤਾਂ ਹਰ ਹਾਲ ਵਿਚ ਪੂਰੀ ਹੋਣੀ ਚਾਹੀਦੀ ਹੀ ਸੀ। ਮੁਲਾਕਾਤ ਦੌਰਾਨ ਰਾਹੁਲ ਨੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਪੁੱਛਿਆ ਅਤੇ ਉਸ ਦੇ ਹੱਲ ਲਈ ਉਨ੍ਹਾਂ ਦੀ ਰਾਏ ਸੀ। ਕੂਲੀਆਂ ਨੇ ਪਿਛਲੇ ਮਹੀਨੇ ਕਾਂਗਰਸ ਨੇਤਾ ਰਾਹੁਲ ਨੂੰ ਮਿਲਣ ਦੀ ਇੱਛਾ ਜਤਾਈ ਸੀ।
ਰਾਹੁਲ ਗਾਂਧੀ ਨਾਲ ਮੁਲਾਕਾਤ ਦੇ ਸਮੇਂ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੇ ਮੌਜੂਦ ਇਕ ਸ਼ਖ਼ਸ ਨੇ ਕਿਹਾ ਕਿ ਬਹੁਤ ਖੁਸ਼ੀ ਹੋਈ ਕਿ ਰਾਹੁਲ ਗਾਂਧੀ ਨੇ ਆਨੰਦ ਵਿਹਾਰ ਵਿੱਚ ਕੂਲੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਮੁੱਦਿਆਂ ਨੂੰ ਸਰਕਾਰ ਦੇ ਸਾਹਮਣੇ ਰੱਖਣਗੇ। ਸ਼ਖ਼ਸ ਨੇ ਦੱਸਿਆ ਕਿ ਰਾਹੁਲ ਨੇ ਸਾਡੀਆਂ ਗੱਲਾਂ ਸਰਕਾਰ ਦੇ ਸਾਹਮਣੇ ਰੱਖਣ ਦਾ ਭਰੋਸਾ ਦਿੱਤਾ ਹੈ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰਨ ਦੀ ਗੱਲ ਆਖੀ ਹੈ