ਐਸ.ਏ.ਐੱਸ. ਨਗਰ, 6 ਜੁਲਾਈ 2020: ” ਜ਼ਿਲੇ ਵਿਚ ਕਿਸੇ ਵੀ ਅਣਅਧਿਕਾਰਤ ਦਾਖਲੇ ਦੀ ਆਗਿਆ ਨਹੀਂ ਦਿੱਤੀ ਜਾਏਗੀ ਅਤੇ ਸਿਸਵਾਨ, ਝਰਮੜੀ, ਜ਼ੀਰਕਪੁਰ, ਬੋਹਰਾ ਖੇੜਾ ਮੋੜ ਅਤੇ ਨੱਗਲ ਮੋਰ ਵਿਖੇ 5 ਸਰਹੱਦੀ ਚੈਕ ਪੋਸਟਾਂ ‘ਤੇ ਸਖਤ ਨਜ਼ਰ ਰੱਖੀ ਜਾਏਗੀ ਤਾਂ ਜੋ ਜ਼ਿਲੇ ਵਿਚ ਦਾਖਲ ਹੋਣ ਵਾਲੇ ਹਰ ਵਿਅਕਤੀਆਂ ਦਾ ਦਾਖਲੇ ਨੂੰ, ਪੰਜਾਬ ਸੂਬੇ ਵਿਚ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਬਣਾਏ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਜ਼ (ਐਸਓਪੀਜ਼) ਸੰਬੰਧੀ ਐਡਵਾਈਜ਼ਰੀ ਦੇ ਨਿਯਮ, ਜੋ ਕਿ 7 ਜੁਲਾਈ, 2020 ਤੋਂ ਲਾਗੂ ਹੋਣਗੇ, ਤਹਿਤ ਸਹੀ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਆਪਣੀਆਂ ਕੋਸ਼ਿਸ਼ਾਂ ਨੂੰ ਦੁਗਣਾ ਕਰੇਗਾ ਜਿਸ ਵਿੱਚ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਤਾਇਨਾਤੀ ਕੀਤੀ ਜਾਏਗੀ ਜੋ ਉਪਰੋਕਤ ਦੱਸੀਆਂ ਹਰੇਕ 5 ਸਰਹੱਦੀ ਚੈਕ ਪੋਸਟਾਂ ਵਿਚ ਤਿੰਨ ਕਾਊਂਟਰਾਂ ‘ਤੇ ਜ਼ਿਲ੍ਹੇ ਵਿਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਦੀ ਢੁੱਕਵੀਂ ਜਾਂਚ ਨੂੰ ਯਕੀਨੀ ਬਣਾਉਣਗੀਆਂ। ਇਸ ਤੋਂ ਇਲਾਵਾ, ਕਿਸੇ ਵੀ ਪਾਸ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਕੋਵਾ ਐਪ ਦੁਆਰਾ ਤਿਆਰ ਕੀਤੇ ਈ-ਪਾਸ ਹੀ ਸਵੀਕਾਰ ਕੀਤੇ ਜਾਣਗੇ।
ਡਾਟਾ ਐਂਟਰੀ ਓਪਰੇਟਰਾਂ ਨੂੰ ਜ਼ਿਲੇ ਵਿਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਦੇ ਮਕਸਦ ਨਾਲ ਹਰ ਸਰਹੱਦੀ ਚੈੱਕ ਪੋਸਟ ‘ਤੇ ਤਾਇਨਾਤ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ, ਤਕਨੀਕੀ ਜਾਣਕਾਰੀ ਨਾ ਰੱਖਣ ਵਾਲਿਆਂ ਦੀ ਸਹਾਇਤਾ ਲਈ, ਹਰੇਕ ਸਰਹੱਦੀ ਪੋਸਟ ‘ਤੇ ਇਕ ਮਾਹਰ ਵੀ ਹੋਣਗੇ ਜੋ ਜ਼ਿਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਵਿੱਚ ਸਹਾਇਤਾ ਕਰਨਗੇ। ਇਸ ਤੋਂ ਇਲਾਵਾ, ਐਂਬੂਲੈਂਸ ਸੇਵਾ ਵੀ ਤਿਆਰ ਰੱਖੀ ਜਾਏਗੀ ਤਾਂ ਜੋ ਲੋੜ ਪੈਣ ‘ਤੇ ਤੁਰੰਤ ਇਸ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਐਡਵਾਈਜ਼ਰੀ ਅਨੁਸਾਰ, ਕੋਈ ਵੀ ਵਿਅਕਤੀ ਆਵਾਜਾਈ ਦੇ ਕਿਸੇ ਵੀ ਸਾਧਨ ਭਾਵ ਸੜਕ, ਰੇਲ ਜਾਂ ਹਵਾਈ ਉਡਾਣ ਜ਼ਰੀਏ ਪੰਜਾਬ ਆ ਰਿਹਾ ਹੈ, ਅਤੇ ਅਗਲੇ ਆਦੇਸ਼ਾਂ ਤੱਕ ਪੰਜਾਬ ਵਿੱਚ ਦਾਖਲ ਹੋਣ ਸਮੇਂ ਉਸ ਦੀ ਡਾਕਟਰੀ ਤੌਰ ‘ਤੇ ਜਾਂਚ ਕੀਤੀ ਜਾਏਗੀ ਅਤੇ ਉਸਨੂੰ ਪੰਜਾਬ ਆਉਣਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ‘ਤੇ ਕੋਵਾ ਐਪ ਅਪਲੋਡ ਕਰਕੇ ਅਤੇ ਫਿਰ ਆਪਣੇ ਆਪ ਨੂੰ ਅਤੇ ਆਪਣੇ ਨਾਲ ਪੰਜਾਬ ਆਉਣ ਵਾਲੇ ਹਰੇਕ ਪਰਿਵਾਰਕ ਮੈਂਬਰ ਨੂੰ ਰਜਿਸਟਰ ਕਰਨਾ ਹੋਵੇਗਾ।
ਉਸ ਤੋਂ ਬਾਅਦ ਇਹ ਈ-ਰਜਿਸਟ੍ਰੇਸ਼ਨ ਸਲਿੱਪ ਡਾਊਨਲੋਡ ਕਰਕੇ ਅਤੇ ਜੇਕਰ ਨਿੱਜੀ ਵਾਹਨ ਰਾਹੀਂ ਸੜਕ ਰਾਹੀਂ ਯਾਤਰਾ ਕਰ ਰਹੇ ਹੋ ਤਾਂ ਇਹ ਸਲਿੱਪ ਵਾਹਨ ਦੀ ਵਿੰਡਸਕਰੀਨ ‘ਤੇ ਚਿਪਕਾਈ ਜਾਵੇ ਜਾਂ ਜੇਕਰ ਜਨਤਕ ਟ੍ਰਾਂਸਪੋਰਟ ਜਾਂ ਰੇਲ ਰਾਹੀਂ ਜਾਂ ਹਵਾਈ ਯਾਤਰਾ ਰਾਹੀਂ ਸਫਰ ਕਰ ਰਹੇ ਹੋ ਤਾਂ ਇਸ ਨੂੰ ਆਪਣੇ ਮੋਬਾਇਲ ਵਿਚ ਆਪਣੇ ਕੋਲ ਰੱਖੋ ਜਾਂ ਪੋਰਟਲ https: //cova.punjab.gov.in/register ‘ਤੇ ਲਾਗਇੰਨ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਨਾਲ ਪੰਜਾਬ ਆਉਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਈ-ਰਜਿਸਟਰ ਕਰੋ।
ਜੇ ਕੋਈ ਆਉਣ ਵਾਲਾ ਯਾਤਰੀ ਉਪਰੋਕਤ ਵੇਰਵੇ ਅਨੁਸਾਰ ਕਦਮ ਨਹੀਂ ਚੁੱਕਦਾ, ਤਾਂ ਉਸ ਨੂੰ ਪੰਜਾਬ ਵਿਚ ਦਾਖਲ ਹੁੰਦੇ ਹੋਏ ਸਰਹੱਦ, ਰੇਲ, ਹਵਾਈ ਅੱਡੇ ਦੀ ਚੈਕ ਪੋਸਟ ‘ਤੇ ਪੰਜਾਬ ਸਰਕਾਰ ਦੀ ਟੀਮ ਨਾਲ ਸਹਿਯੋਗ ਕਰਨ ਲਈ ਕਿਹਾ ਜਾਵੇਗਾ ਜੋ ਕਿ ਮੌਕੇ ਉੱਤੇ ਹੀ ਸਾਰੀ ਜਾਣਕਾਰੀ ਹਾਸਲ ਕਰੇਗੀ।
ਅਕਸਰ ਆਉਣ ਵਾਲੇ ਯਾਤਰੀਆਂ ਨੂੰ ਛੱਡ ਕੇ, ਸਾਰੇ ਆਉਣ ਵਾਲੇ ਵਿਅਕਤੀਆਂ ਨੂੰ ਪੰਜਾਬ ਪਹੁੰਚਣ ਤੋਂ ਬਾਅਦ 14 ਦਿਨਾਂ ਦੀ ਸਵੈ-ਕੁਆਰੰਟੀਨ ਅਧੀਨ ਰਹਿਣਾ ਪਵੇਗਾ ਅਤੇ ਇਸ ਮਿਆਦ ਦੇ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਦੀ ਸਥਿਤੀ ਨੂੰ ਕੋਵਾ ਐਪ ‘ਤੇ ਰੋਜ਼ਾਨਾ ਅਪਡੇਟ ਕਰਨਾ ਪਏਗਾ ਜਾਂ 112 ‘ਤੇ ਰੋਜ਼ਾਨਾ ਕਾਲ ਕਰਨੀ ਹੋਵੇਗੀ। ਜੇਕਰ ਉਹਨਾਂ ਵਿਚ ਕੋਵਿਡ -19 ਦਾ ਕੋਈ ਵੀ ਲੱਛਣ ਦਿਖਾਈ ਦਿੰਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ 104 ‘ਤੇ ਫ਼ੋਨ ਕਰਨਾ ਹੋਵੇਗਾ। ਅੰਤਰਰਾਸ਼ਟਰੀ ਯਾਤਰੀਆਂ ਨੂੰ 7 ਦਿਨਾਂ ਲਈ ਸੰਸਥਾਗਤ ਕੁਆਰੰਟੀਨ ਅਤੇ ਅਗਲੇ 7 ਦਿਨਾਂ ਲਈ ਘਰ ਵਿਚ ਕੁਆਰੰਟੀਨ ਅਧੀਨ ਰੱਖਿਆ ਜਾਵੇਗਾ।