ਨਵੀਂ ਦਿੱਲੀ, 21 ਸਤੰਬਰ – ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੱਕ ਸਕੂਲ ਵਿੱਚ ਬੰਬ ਦੀ ਧਮਕੀ ਮਿਲੀ। ਇਸ ਧਮਕੀ ਤੋਂ ਬਾਅਦ ਇਹਤਿਆਤ ਵਜੋਂ ਸਕੂਲ ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਮਾਮਲਾ ਦੱਖਣੀ ਦਿੱਲੀ ਦੇ ਲਾਲ ਬਹਾਦੁਰ ਸ਼ਾਸਤਰੀ ਸਕੂਲ ਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਨੂੰ ਬੰਬ ਨਾਲ ਉਡਾਉਣ ਸਬੰਧੀ ਧਮਕੀ ਭਰੀ ਈ-ਮੇਲ ਮਿਲੀ ਹੈ। ਇਸ ਸੂਚਨਾ ਤੇ ਪੁਲੀਸ ਤੁਰੰਤ ਹਰਕਤ ਵਿੱਚ ਆ ਗਈ। ਬੰਬ ਦਸਤੇ, ਫਾਇਰ ਵਿਭਾਗ ਅਤੇ ਸਥਾਨਕ ਪੁਲੀਸ ਟੀਮ ਮੌਕੇ ਤੇ ਪਹੁੰਚ ਗਈ ਹੈ।
ਬੰਬ ਨਿਰੋਧਕ ਦਸਤੇ ਵੱਲੋਂ ਸਕੂਲ ਦੀ ਚਾਰਦੀਵਾਰੀ ਦੀ ਤਲਾਸ਼ੀ ਲਈ ਗਈ। ਈਮੇਲ ਬੀਤੇ ਦਿਨ ਆਈ ਸੀ ਅੱਜ ਸਵੇਰੇ ਉਸ ਨੂੰ ਦੇਖਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਸਵੇਰੇ 8.25 ਵਜੇ ਪੁਲੀਸ ਨੂੰ ਫੋਨ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਈਮੇਲ ਵਿੱਚ ਦੱਸਿਆ ਗਿਆ ਸੀ ਕਿ ਪ੍ਰਿੰਸੀਪਲ ਦੇ ਕਮਰੇ ਦੇ ਆਲੇ-ਦੁਆਲੇ ਬੰਬ ਰੱਖਿਆ ਗਿਆ ਹੈ। ਸਵੇਰੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਘੰਟਿਆਂ ਬੱਧੀ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ, ਇਸ ਲਈ ਇਸ ਨੂੰ ਝੂਠਾ ਕਰਾਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਈਮੇਲ ਆਰਕੇ ਪੁਰਮ ਦੇ ਸੈਕਟਰ-3 ਸਥਿਤ ਲਾਲ ਬਹਾਦੁਰ ਸ਼ਾਸਤਰੀ ਸਕੂਲ ਨੂੰ ਆਈ ਹੈ। ਪੁਲੀਸ ਮੇਲ ਦਾ ਆਈ ਪੀ ਐਡਰੈਸ ਅਤੇ ਹੋਰ ਤਕਨੀਕੀ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ।
ਸਕੂਲ ਪ੍ਰਸ਼ਾਸਨ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਹਰਕਤ ਪਿੱਛੇ ਕੁਝ ਸ਼ਰਾਰਤੀ ਬੱਚਿਆਂ ਦਾ ਹੱਥ ਹੋ ਸਕਦਾ ਹੈ। ਫਿਲਹਾਲ ਸਥਾਨਕ ਪੁਲੀਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।