ਨਵੀਂ ਦਿੱਲੀ, 20 ਸਤੰਬਰ – ਏਸ਼ੀਆ ਕੱਪ 2023 ਦੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਤੇ ਕਹਿਰ ਮਚਾਉਣ ਵਾਲੇ ਮੁਹੰਮਦ ਸਿਰਾਜ ਨੂੰ ਆਈ ਸੀ ਸੀ ਵੱਲੋਂ ਜਾਰੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਵੱਡਾ ਫਾਇਦਾ ਮਿਲਿਆ ਹੈ। ਸਿਰਾਜ ਨੂੰ ਖ਼ਿਤਾਬੀ ਮੈਚ ਵਿੱਚ ਛੇ ਵਿਕਟਾਂ ਲੈਣ ਦਾ ਇਨਾਮ ਮਿਲਿਆ ਹੈ ਅਤੇ ਉਹ ਇੱਕ ਵਨਡੇ ਕ੍ਰਿਕਟ ਵਿੱਚ ਦੁਨੀਆ ਦਾ ਨੰਬਰ ਇੱਕ ਗੇਂਦਬਾਜ਼ ਬਣ ਗਿਆ ਹੈ। ਇਸ ਦੇ ਨਾਲ ਹੀ ਹੇਨਰਿਕ ਕਲਾਸੇਨ ਨੂੰ ਵੀ ਆਸਟ੍ਰੇਲੀਆ ਖਿਲਾਫ ਖੇਡੀ ਗਈ ਤੂਫਾਨੀ ਪਾਰੀ ਦਾ ਫਾਇਦਾ ਹੋਇਆ ਹੈ।
ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਸ੍ਰੀਲੰਕਾ ਖ਼ਿਲਾਫ਼ ਛੇ ਵਿਕਟਾਂ ਲੈਣ ਵਾਲੇ ਮੁਹੰਮਦ ਸਿਰਾਜ ਨੂੰ ਆਈ ਸੀ ਸੀ ਵੱਲੋਂ ਜਾਰੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਸਰਵੋਤਮ ਦਰਜਾ ਦਿੱਤਾ ਗਿਆ ਹੈ। ਸਿਰਾਜ ਵਨਡੇ ਕ੍ਰਿਕਟ ਵਿੱਚ ਦੁਨੀਆ ਦਾ ਨੰਬਰ ਇਕ ਗੇਂਦਬਾਜ਼ ਬਣ ਗਿਆ ਹੈ। ਸਿਰਾਜ ਨੇ ਆਪਣੇ ਕਰੀਅਰ ਵਿੱਚ ਦੂਜੀ ਵਾਰ ਇਹ ਮੁਕਾਮ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਇਸ ਸਾਲ ਮਾਰਚ ਵਿੱਚ ਉਹ ਇਸ ਫਾਰਮੈਟ ਵਿੱਚ ਨੰਬਰ ਇੱਕ ਗੇਂਦਬਾਜ਼ ਬਣ ਗਿਆ ਸੀ। ਸਿਰਾਜ ਨੇ ਜੋਸ਼ ਹੇਜ਼ਲਵੁੱਡ ਨੂੰ ਪਿੱਛੇ ਛੱਡ ਦਿੱਤਾ ਹੈ। ਹੇਜ਼ਲਵੁੱਡ ਹੁਣ ਦੂਜੇ ਸਥਾਨ ਤੇ ਖਿਸਕ ਗਿਆ ਹੈ।
ਵਨਡੇ ਕ੍ਰਿਕਟ ਵਿੱਚ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖਾਨ ਨੂੰ ਵੀ ਫਾਇਦਾ ਹੋਇਆ ਹੈ। ਮੁਜੀਬ ਹੁਣ ਚੌਥੇ ਸਥਾਨ ਤੇ ਪਹੁੰਚ ਗਿਆ ਹੈ, ਜਦਕਿ ਰਾਸ਼ਿਦ ਉਸ ਤੋਂ ਇਕ ਸਥਾਨ ਹੇਠਾਂ ਯਾਨੀ ਪੰਜਵੇਂ ਸਥਾਨ ਤੇ ਹੈ।