ਬਠਿੰਡਾ, 20 ਸਤੰਬਰ 2023: ਪੰਜਾਬੀ ਕਹਾਵਤ ‘ਸ਼ਰੀਕ ਉਜੜਿਆਂ ਵਿਹੜਾ ਮੋਕਲਾ’ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ ਵਿੱਚ ਠੇਕਾ ਆਧਾਰ ਤੇ ਕੰਮ ਕਰਦੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਕੀਤੀ ਹੜਤਾਲ ਤੇ ਪੂਰੀ ਤਰ੍ਹਾਂ ਸਟੀਕ ਬੈਠਦੀ ਹੈ। ਹੜਤਾਲ ਕਾਰਨ ਅੱਜ ਜਿਆਦਾਤਰ ਸਰਕਾਰੀ ਬੱਸਾਂ ਸੜਕਾਂ ਤੋਂ ਗਾਇਬ ਰਹੀਆਂ ਜਿਸ ਕਰਕੇ ਅੱਜ ਪੂਰਾ ਦਿਨ ਪ੍ਰਾਈਵੇਟ ਬੱਸ ਮਾਲਕਾਂ ਦੀ ਚਾਂਦੀ ਰਹੀ।ਬਠਿੰਡਾ ਦੇ ਮੁਲਾਜ਼ਮ ਆਗੂ ਬਲਵੀਰ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਹੜਤਾਲ ਕਾਰਨ 90 ਫੀਸਦੀ ਬੱੱਸ ਸੇਵਾ ਪ੍ਰਭਾਵਿਤ ਰਹੀ ਹੈ ਜਦੋਂਕਿ ਸਿਰਫ 10 ਫੀਸਦੀ ਗੱਡੀਆਂ ਹੀ ਰੈਗੂਲਰ ਸਟਾਫ ਨੇ ਬਿਨਾਂ ਕੰਡਕਟਰਾਂ ਤੋਂ ਗਿਣਤੀ ਦੇ ਰੂਟਾਂ ਤੇ ਚਲਾਈਆਂ ਹਨ।ਸਰਕਾਰੀ ਬੱਸਾਂ ਦੇ ਇਹ ਮੁਲਾਜ਼ਮ ਰੈਗੂਲਰ ਕਰਨ ਸਮੇਤ ਵੱਖ-ਵੱਖ ਮੰਗਾਂ ਲਾਗੂ ਕਰਨ ਦੀ ਮੰਗ ਕਰ ਰਹੇ ਹਨ।
ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ਤਹਿਤ ਅੱਜ ਕੀਤੀ ਹੜਤਾਲ ਕਾਰਨ ਵੱਡੀ ਗਿਣਤੀ ਸਰਕਾਰੀ ਬੱਸਾਂ ਆਪਣੇ ਰੂਟਾਂ ਉਤੇ ਨਹੀਂ ਚੱਲ ਸਕੀਆਂ, ਜਿਸ ਦਾ ਸਿੱਧਾ ਲਾਭ ਪ੍ਰਾਈਵੇਟ ਬੱਸ ਮਾਲਕਾਂ ਨੂੰ ਮਿਲਿਆ। ਸਰਕਾਰੀ ਬੱਸ ਟਰਾਂਸਪੋਰਟ ਦੀ ਗੈਰ ਹਾਜ਼ਰੀ ਵਿੱਚ ਪ੍ਰਾਈਵੇਟ ਬੱਸ ਮਾਲਕਾਂ ਖਾਸ ਕਰਕੇ ਵੱਡੇ ਘਰਾਣਿਆਂ ਦੀਆਂ ਬੱਸਾਂ ‘ਚ ਅੱਜ ਬੁਕਿੰਗ ਚੰਗੀ ਰਹੀ। ਬਠਿੰਡਾ ਖਿੱਤੇ ਵਿੱਚ ਬਾਦਲ ਪਰਿਵਾਰ ਦੀਆਂ ਬੱਸਾਂ ਨੇ ਵੀ ਬੱਸ ਅੱਡਿਆਂ ‘ਤੇ ਬਣੀ ਭੀੜ ਦਾ ਪੂਰਾ ਪੂਰਾ ਫਾਇਦਾ ਉਠਾਇਆ ਅਤੇ ਹੜਤਾਲ ਵਾਲਾ ਮੇਲਾ ਲੁੱਟਿਆ। ਇਸ ਤੋਂ ਇਲਾਵਾ ਕਈ ਰੂਟਾਂ ਤੇ ਤਾਂ ਨਿੱਜੀ ਕੰਪਨੀ ਦੀਆਂ ਬੱਸਾਂ ਪੂਰੀ ਤਰ੍ਹਾਂ ਭਰੀਆਂ ਹੋਈਆਂ ਸਨ।
ਬਠਿੰਡਾ ਜ਼ਿਲ੍ਹੇ ਵਿੱਚ ਕਈ ਪੇਂਡੂ ਰੂਟ ਅਜਿਹੇ ਹਨ ਜਿਨ੍ਹਾਂ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਪੂਰੀ ਸਰਦਾਰੀ ਰਹੀ ਅਤੇ ਉਨ੍ਹਾਂ ਨੇ ਆਪਣੀ ਮਨ ਮਰਜ਼ੀ ਨਾਲ ਉਹ ਵੀ ਬਿਨਾਂ ਕਿਸੇ ਰੂਟ ਪਰਮਿਟ ਤੋਂ ਬੱਸਾਂ ਚਲਾਈਆਂ।ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਸਰਕਾਰੀ ਅਫਸਰਾਂ ਨੇ ਵੀ ਅਜਿਹੀਆਂ ਬੱਸਾਂ ਖਿਲਾਫ਼ ਕਿਸੇ ਕਿਸਮ ਦੀ ਕਾਰਵਾਈ ਤੋਂ ਪਾਸਾ ਵੱਟਿਆ । ਭਾਵੇਂ ਪ੍ਰਾਈਵੇਟ ਬੱਸ ਮਾਲਕਾਂ ਨੇ ਪੂਰੇ ਦਮਖਮ ਨਾਲ ਆਪਣੀਆਂ ਬੱਸਾਂ ਸੜਕਾਂ ਤੇ ਉਤਾਰੀਆਂ ਫਿਰ ਵੀ ਅੰਤਰਰਾਜ਼ੀ ਅਤੇ ਸਰਕਾਰੀ ਬੱਸਾਂ ਦੀ ਮਨਾਪਲੀ ਵਾਲੇ ਰੂਟਾਂ ਤੇ ਸਵਾਰੀਆਂ ਨੂੰ ਬੇਹੱੱਦ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖਾਸ ਤੌਰ ਤੇ ਬਜੁਰਗ ਸਵਾਰੀਆਂ ਅਤੇ ਬੱਚਿਆਂ ਲਈ ਤਾਂ ਇਹ ਹੜਤਾਲ ਤਕਲੀਫਾਂ ਦਾ ਪਿਟਾਰਾ ਸਾਬਤ ਹੋਈ ਹੈ।