ਅੰਮ੍ਰਿਤਸਰ, 15 ਮਈ, 2020 : ਸ੍ਰੀ ਹਜੂਰ ਸਾਹਿਬ ਤੋਂ ਪਰਤੇ ਉਹ ਸ਼ਰਧਾਲੂ ਜੋ ਕਿ ਕੋਰੋਨਾ ਟੈਸਟ ਵਿਚ ਪਾਜ਼ੀਟਵ ਆਉਣ ਕਾਰਨ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਸਨ, ਵਿਚੋਂ ਅੱਧੇ ਤੋਂ ਵੱਧ ਗਿਣਤੀ ਵਿਚ ਸ਼ਰਧਾਲੂ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਰਹਿੰਦੇ ਸ਼ਰਧਾਲੂ ਵੀ ਛੇਤੀ ਠੀਕ ਹੋ ਕੇ ਘਰਾਂ ਨੂੰ ਪਰਤ ਜਾਣਗੇ। ਉਕਤ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਪ੍ਰੈਸ ਵਾਰਤਾ ਵਿਚ ਕਰਦੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ 260 ਯਾਤਰੀਆਂ ਦੇ ਟੈਸਟ ਪਾਜ਼ੀਟਵ ਆਏ ਸਨ, ਜਿੰਨਾ ਵਿਚੋਂ 45 ਪਿਛਲੇ ਦਿਨਾਂ ਵਿਚ ਅਤੇ 95 ਸ਼ਰਧਾਲੂ ਅੱਜ ਆਪਣੇ ਘਰਾਂ ਨੂੰ ਗਏ ਹਨ। ਸੋਨੀ ਨੇ ਦੱਸਿਆ ਕਿ ਅੱਜ 44 ਯਾਤਰੀ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਤੋਂ ਅਤੇ 51 ਯਾਤਰੀ ਸ੍ਰੀ ਗੁਰੂ ਰਾਮ ਦਾਸ ਹਸਪਤਾਲ ਤੋਂ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਇਸ ਤਰਾਂ ਹੁਣ ਤੱਕ 140 ਯਾਤਰੀ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ 120 ਯਾਤਰੀ ਵੀ ਛੇਤੀ ਠੀਕ ਹੋ ਕੇ ਘਰਾਂ ਨੂੰ ਪਰਤ ਜਾਣਗੇ। ਉਨਾਂ ਦੱਸਿਆ ਕਿ ਇਹ ਕੇਵਲ ਘਰ ਜਾ ਰਹੇ ਯਾਤਰੀਆਂ, ਸਰਕਾਰ, ਹਸਪਤਾਲ ਸਟਾਫ ਜਾਂ ਪ੍ਰਸ਼ਾਸ਼ਨ ਲਈ ਹੀ ਚੰਗੀ ਖਬਰ ਨਹੀਂ ਹੈ, ਬਲਕਿ ਸਮੁੱਚੇ ਭਾਰਤੀਆਂ ਨੂੰ ਮਾਨਸਿਕ ਤੌਰ ਉਤੇ ਮਜ਼ਬੂਤ ਕਰਨ ਵਾਲੀ ਖਬਰ ਹੈ, ਕਿਉਂਕਿ ਬਹੁਤੇ ਲੋਕ ਯਾਤਰੀਆਂ ਦੇ ਟੈਸਟ ਪਾਜ਼ਿਟਵ ਆਉਣ ਕਾਰਨ ਸਥਿਤੀ ਆਪੇ ਤੋਂ ਬਾਹਰ ਹੁੰਦੀ ਮਹਿਸੂਸ ਕਰ ਰਹੇ ਸਨ, ਪਰ ਸਰਕਾਰ ਦੁਆਰਾ ਚੁੱਕੇ ਸੁਹਿਰਦ ਕਦਮਾਂ ਸਦਕਾ ਕੇਵਲ ਯਾਤਰੀਆਂ ਦਾ ਇਲਾਜ ਹੀ ਨਹੀਂ ਹੋਇਆ, ਬਲਕਿ ਅੱਗੇ ਵਾਇਰਸ ਨੂੰ ਫੈਲਣ ਲਈ ਮੌਕਾ ਵੀ ਨਹੀਂ ਮਿਲਣ ਦਿੱਤਾ ਗਿਆ।
ਸੋਨੀ ਨੇ ਦੱਸਿਆ ਕਿ ਅੱਜ ਠੀਕ ਹੋਏ ਮਰੀਜ਼ਾਂ ਵਿਚੋਂ 44 ਯਾਤਰੀਆਂ ਦਾ ਇਲਾਜ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਤੇ ਮੈਡੀਕਲ ਕਾਲਜ ਵਿਚ ਕੀਤਾ ਗਿਆ, ਜਦਕਿ 51 ਯਾਤਰੀਆਂ ਦਾ ਇਲਾਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੇ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਰਾਮ ਦਾਸ ਹਸਪਤਾਲ ਵਿਚ ਕੀਤਾ ਗਿਆ। ਉਨਾਂ ਸ੍ਰੋਮਣੀ ਕਮੇਟੀ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਅੱਜ ਸ਼ਾਮ ਤੱਕ ਕੁੱਝ ਹੋਰ ਸ਼ਰਧਾਲੂਆਂ ਨੂੰ ਠੀਕ ਹੋਣ ਮਗਰੋਂ ਛੁੱਟੀ ਦਿੱਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ 13 ਮਈ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚੋਂ 25 ਸ਼ਰਧਾਲੂਆਂ ਨੂੰ ਅਤੇ 14 ਮਈ ਨੂੰ 19 ਯਾਤਰੀਆਂ ਨੂੰ ਠੀਕ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜਿਆ ਗਿਆ ਸੀ। ਹਸਪਤਾਲਾਂ ਤੋਂ ਲਗਾਤਾਰ ਚੰਗੀਆਂ ਖਬਰਾਂ ਮਿਲਣ ਕਾਰਨ ਕੇਵਲ ਦਾਖਲ ਮਰੀਜ਼ਾਂ ਦੇ ਹੌਸਲੇ ਬੁਲੰਦ ਨਹੀਂ ਹੋਏ, ਬਲਕਿ ਸਮੁੱਚੇ ਪੰਜਾਬੀਆਂ ਨੂੰ ਮਾਨਸਿਕ ਤੌਰ ਉਤੇ ਤਾਕਤ ਮਿਲੀ ਹੈ। ਸੋਨੀ ਨੇ ਦੱਸਿਆ ਕਿ ਭਾਵੇਂ ਸ੍ਰੀ ਹਜੂਰ ਸਾਹਿਬ ਤੋਂ ਆਈ ਸੰਗਤ ਦੇ ਟੈਸਟ ਪਾਜ਼ਿਟਵ ਆਉਣ ਕਾਰਨ ਇੰਨਾਂ ਨੂੰ ਹਸਪਪਤਾਲ ਵਿਚ ਰੱਖਿਆ ਗਿਆ ਸੀ, ਪਰ ਸਾਰੇ ਸ਼ਰਧਾਲੂ ਬੜੇ ਚੜਦੀ ਕਲਾ ਵਿਚ ਰਹੇ ਅਤੇ ਕਿਸੇ ਨੂੰ ਸਰੀਰਕ ਤੌਰ ਉਤੇ ਵੀ ਕੋਈ ਮੁਸ਼ਿਕਲ ਨਹੀਂ ਹੋਈ। ਵਾਹਿਗੁਰੂ ਦੀ ਕ੍ਰਿਪਾ ਨਾਲ ਇਹ ਲਗਾਤਾਰ ਠੀਕ ਹੋ ਕੇ ਹਸਪਤਾਲਾਂ ਤੋਂ ਘਰਾਂ ਨੂੰ ਜਾ ਰਹੇ ਹਨ।
ਸੋਨੀ ਨੇ ਦੱਸਿਆ ਕਿ ਪੰਜਾਬ ਦੇ ਤਿੰਨ ਮੈਡੀਕਲ ਕਾਲਜਾਂ ਵਿਚ ਹੁਣ ਤੱਕ 35000 ਦੇ ਕਰੀਬ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਅੰਮ੍ਰਿਤਸਰ ਵਿਚ ਪਿਛਲੇ ਚਾਰ ਦਿਨਾਂ ਵਿਚ ਹੀ 600 ਤੋਂ ਵੱਧ ਟੈਸਟ ਕੀਤੇ ਗਏ ਹਨ, ਜਿੰਨਾ ਵਿਚੋਂ ਚੰਗੀ ਗੱਲ ਇਹ ਰਹੀ ਹੈ ਕਿ ਕੋਈ ਵੀ ਪਾਜ਼ਿਟਵ ਕੇਸ ਨਹੀਂ ਆਇਆ। ਉਨਾਂ ਕਿਹਾ ਕਿ ਜੇਕਰ ਇਸੇ ਤਰਾਂ ਕੁੱਝ ਦਿਨ ਹੋਰ ਚਲਦਾ ਰਿਹਾ ਤਾਂ ਸਰਕਾਰ ਹੋਰ ਰਾਹਤ ਦੇਣ ਲਈ ਵੀ ਵਿਚਾਰ ਕਰੇਗੀ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਵੀ ਘਰ ਜਾ ਰਹੇ ਸਾਰੇ ਸ਼ਰਧਾਲੂ ਨੂੰ ਵਧਾਈ ਦਿੰਦੇ ਕਿਹਾ ਕਿ ਅਸੀਂ ਇੰਨਾਂ ਦੇ ਟੈਸਟ ਪਾਜ਼ਿਟਵ ਆਉਣ ਮਗਰੋਂ ਸ਼ਰਧਾਲੂਆਂ ਨੂੰ ਇਕਾਂਤਵਾਸ ਵਿਚੋਂ ਕੱਢ ਕੇ ਗੁਰੂ ਨਾਨਕ ਦੇਵ ਹਸਪਤਾਲ ਅਤੇ ਗੁਰੂ ਰਾਮ ਦਾਸ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਉਨਾਂ ਦੱਸਿਆ ਕਿ ਇਹ ਸਾਰੇ ਪਹਿਲੇ ਦਿਨ ਤੋਂ ਹੀ ਸਰੀਰਕ ਤੇ ਮਾਨਸਿਕ ਤੌਰ ਉਤੇ ਬੜੇ ਕਾਇਮ ਸਨ, ਸ਼ਾਇਦ ਇਸੇ ਕਾਰਨ ਹੀ ਇਹ ਜਲਦੀ ਤੰਦਰੁਸਤ ਹੋ ਰਹੇ ਹਨ। ਉਨਾਂ ਹਸਪਤਾਲਾਂ ਦੇ ਸਟਾਫ ਵੱਲੋਂ ਦਿੱਤੀਆਂ ਸੇਵਾਵਾਂ ਲਈ ਸਾਰਿਆਂ ਦਾ ਧੰਨਵਾਦ ਕੀਤਾ।