ਫਰਿਜ਼ਨੋ (ਕੈਲੀਫੋਰਨੀਆਂ, 15 ਸਤੰਬਰ, 2023: ਇੰਡੋ-ਯੂ. ਐਸ. ਹੈਰੀਟੇਜ਼ ਫਰਿਜ਼ਨੋ, ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ, ਜੈਕਾਰਾ ਮੂਵਮੈਂਟ ਦੇ ਉਪਰਾਲੇ ਸਦਕਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਖਾਲੜਾ ਪਾਰਕ ਫਰਿਜ਼ਨੋ ਜੋ ਕਿ ਕਲਿੰਟਨ ਅਤੇ ਬਰਾਉਲੀ ਤੇ ਸਥਿਤ ਹੈ, ਵਿਖੇ 16 ਸਤੰਬਰ ਦਿਨ ਸ਼ਨੀਵਾਰ ਦੁਪਿਹਰ 2.00 ਵਜੇ ਹੋਣ ਜਾ ਰਿਹਾ ਹੈ।
ਇਸ ਸ਼ਹੀਦੀ ਸਮਾਗਮ ਵਿੱਚ ਖਾਲੜਾ ਸਾਹਿਬ ਦੇ ਧਰਮ-ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਹਨਾਂ ਦੀ ਬੇਟੀ ਨਵਕਿਰਨ ਕੌਰ ਵੀ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ।
ਇਸ ਮੌਕੇ 911 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ। ਸੋ ਹਿਊਮਨ ਰਾਈਟਸ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸਭਨਾਂ ਭਰਾਤਰੀ ਜਥੇਬੰਦੀਆਂ ਅਤੇ ਸਮੂਹ ਭਾਈਚਾਰੇ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਸਬੰਧੀ ਖਾਲੜਾ ਪਾਰਕ ਵਿੱਚ ਇੰਡੋ ਯੂ ਐਸ ਹੈਰੀਟੇਜ ਫਰਿਜਨੋ, ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ, ਜੈਕਾਰਾ ਜਥੇਬੰਦੀ ਦੇ ਮੈਂਬਰਾਂ ਦੀ ਮੀਟਿੰਗ ਹੋਈ। ਜਿਸ ਵਿੱਚ , ਲਾਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਸਿੱਖ ਨੌਜਵਾਨਾਂ ਦਾ ਰਿਕਾਰਡ ਇਕੱਠਾ ਕਰਦੇ ਹੋਏ ਸ਼ਹੀਦ ਕਰ ਦਿੱਤੇ ਗਏ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਦੇ ਆਯੋਜਨ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਸਬੰਧੀ ਸਾਰੇ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਵਲੰਟੀਅਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਖ਼ੂਬਸੂਰਤ ਪਾਰਕ ਦੀ ਦੇਖ ਭਾਲ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਕਰਦੀ ਆ ਰਹੀ। ਸਿਟੀ ਦੇ ਸਹਿਯੋਗ ਨਾਲ ਇੱਥੇ ਛਾਂਦਰ ਦਰਖ਼ਤਾਂ ਦੇ ਝੁੰਡ ਗਰਮੀ ਵਿੱਚ ਠੰਢਕ ਵਰਤਾਉਂਦੇ ਹਰ ਰੋਜ਼ ਸੈਂਕੜੇ ਲੋਕਾਂ ਨੂੰ ਆਪਣੀ ਗੋਦੀ ਵਿੱਚ ਬਿਠਾਉਂਦੇ ਹਨ, ਇਸ ਤੋ ਬਿਨਾਂ ਬੱਚਿਆਂ ਲਈ ਬਣੇ ਝੂਲੇ ਅਤੇ ਤੁਰਨ ਲਈ ਬਣੇ ਵਾਕ-ਵੇਅ ਫਰਿਜ਼ਨੋ ਨਿਵਾਸੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਬਣੇ ਹੋਏ ਨੇ। ਇਹ ਪਾਰਕ ਪੰਜਾਬੀ ਬਜ਼ੁਰਗਾਂ ਲਈ ਇੱਕ ਕਮਿਊਨਟੀ ਸੈਂਟਰ ਬਣਿਆ ਹੋਇਆ ਹੈ। ਵੱਡੀ ਕੰਧ ’ਤੇ ਖਾਲੜਾ ਸਹਿਬ ਦੀ ਉਲੀਕੀ ਤਸਵੀਰ ਸਾਨੂੰ ਮਨੁੱਖੀ ਅਧਿਕਾਰਾਂ ਲਈ ਲੜਨ ਲਈ ਪ੍ਰੇਰਨਾਂ ਸ੍ਰੋਤ ਬਣੀ ਹੋਈ ਹੈ।