ਵਾਰੰਗਲ, 14 ਸਤੰਬਰ – ਤੇਲੰਗਾਨਾ ਪੁਲੀਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲੀਸ ਨੇ ਵਾਰੰਗਲ ਤੋਂ ਵੱਖ-ਵੱਖ ਰਾਜਾਂ ਵਿੱਚ ਚੋਰੀਆਂ ਕਰਨ ਵਾਲੇ ਚਾਰ ਚੋਰਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਵਾਰੰਗਲ ਦੇ ਕਮਿਸ਼ਨਰ ਏ.ਵੀ.ਰੰਗਨਾਥਨ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕਰੀਬ 2.5 ਕਰੋੜ ਰੁਪਏ ਦੇ ਸੋਨਾ, ਹੀਰੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।
ਕਮਿਸ਼ਨਰ ਏ.ਵੀ.ਰੰਗਨਾਥਨ ਨੇ ਕਿਹਾ ਕਿ ਅਸੀਂ ਚਾਰ ਅੰਤਰਰਾਜੀ ਚੋਰ ਫੜੇ ਹਨ, ਜੋ ਮੁੱਖ ਤੌਰ ਤੇ ਘਰਾਂ ਵਿੱਚ ਘੁਸਪੈਠ ਕਰਕੇ ਚੋਰੀਆਂ ਕਰਦੇ ਹਨ। ਅਸੀਂ ਇਨ੍ਹਾਂ ਨੂੰ 32 ਵੱਖ-ਵੱਖ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਅਤੇ ਢਾਈ ਕਰੋੜ ਰੁਪਏ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਚੋਰਾਂ ਕੋਲੋਂ ਇੱਕ ਫਰੈਂਚ ਦੀ ਬਣੀ ਪਿਸਤੌਲ ਅਤੇ ਕੁਝ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਚੋਰਾਂ ਕੋਲ ਆਂਧਰਾ ਪ੍ਰਦੇਸ਼ ਦੇ ਵਾਰੰਗਲ, ਆਦਿਲਾਬਾਦ, ਬੈਂਗਲੁਰੂ ਅਤੇ ਹੋਰ ਥਾਵਾਂ ਤੇ ਚੋਰੀਆਂ ਅਤੇ ਡਕੈਤੀਆਂ ਦਾ ਰਿਕਾਰਡ ਹੈ।