ਔਕਲੈਂਡ, 14 ਜੂਨ, 2023:-ਅੱਜ ਕੱਲ੍ਹ ਘਰੋਂ ਝੋਲੇ ਲਿਜਾ ਕੇ ਸਬਜ਼ੀਆਂ ਖਰੀਦਣ ਵਾਲਿਆਂ ਨੂੰ ਭਲੀ-ਭਾਂਤ ਪਤਾ ਹੋਵੇਗਾ ਕਿ ਕਿਹੜੀ ਸਬਜ਼ੀ ਨੂੰ ਹੱਥ ਪਾਇਆ ਜਾ ਸਕਦਾ ਹੈ ਤੇ ਕਿਹੜੀ ਆਪਣਾ ਭਾਅ ਉਚਾ ਕਰਕੇ ਕਰੰਟ ਮਾਰਦੀ ਹੈ। ਸਬਜ਼ੀਆਂ ਦੇ ਭਾਅ ਐਨੇ ਵਧੇ ਹੋਏ ਹਨ ਕਿ ਪੂਰਾ ਗੋਭੀ ਦਾ ਫੁੱਲ ਚੁੱਕਣ ਲੱਗਾ ਵਿਅਕਤੀ ਅੱਧੇ ਨਾਲ ਹੀ ਸਰ ਜਾਣ ਦਾ ਹਿਸਾਬ-ਕਿਤਾਬ ਲਗਾਉਣ ਲਗ ਪੈਂਦਾ।
ਅੰਕੜਾ ਵਿਭਾਗ ਵੱਲੋਂ ਜਾਰੀ ਅੰਕੜੇ ਦਸਦੇ ਹਨ ਕਿ ਪਿਛਲੇ ਸਾਲ ਮਈ ਮਹੀਨੇ ਦੇ ਮੁਕਾਬਲੇ ਇਸ ਸਾਲ ਮਈ ਮਹੀਨੇ ਦੇ ਵਿਚ ਸਬਜ਼ੀਆਂ, ਫਲਾਂ, ਗਰੋਸਰੀ, ਮੀਟ, ਮੱਛੀ, ਅੰਡੇ ਅਤੇ ਰੈਸਟੋਰੈਂਟ ਖਾਣਿਆਂ ਦੇ ਭਾਅ ਵਿਚ ਬਹੁਤ ਜਿਆਦਾ ਦਰ ਵਿਚ ਵਾਧਾ ਹੋਇਆ। ਸਲਾਨਾ ਕੀਮਤਾਂ 12.1% ਵਧੀਆਂ ਹਨ। ਬਾਕੀ ਅੰਕੜੇ ਵੇਖੇ ਜਾਣ ਤਾਂ ਫ਼ਲ ਤੇ ਸਬਜ਼ੀਆਂ ਦੇ ਭਾਅ 18.4% ਵਧੇ, ਗਰੋਸਰੀ ਦੇ 12.7% ਅਤੇ ਰੈਸਟੋਰੈਂਟ ਖਾਣੇ 8.7% ਮਹਿੰਗੇ ਹੋਏ, ਮੀਟ, ਅੰਡੇ ਅਤੇ ਮੱਛੀ ਦੇ ਭਾਅ 11.7% ਵਧੇ ਅਤੇ ਗੈਰ ਅਲਕੋਹਲ ਪੇਯਜਲ ਦੇ ਭਾਅ 11.6% ਵਧੇ ਹਨ। ਕਈ ਵਾਰ ਤਾਂ ਲਗਦਾ ਹੈ ਕਿ ਸਬਜ਼ੀਆਂ ਖਾਈਏ ਜਾਂ ਨਾ ਖਾਈਏ…ਪਰ ਲਾਲ ਰੰਗੇ ਟਮਾਟਰ, ਗੋਭੀ ਦੇ ਸ਼ਰਮਕਾਲ ਜਿਹਾ ਚਿੱਟੇ ਫੁੱਲ, ਹਰੀਆਂ ਫਲੀਆਂ, ਧਨੀਆਂ, ਪਾਲਕ, ਖੀਰੇ, ਸ਼ਿਮਲਾ ਮਿਰਚਾ, ਬੰਦ ਗੋਭੀ ਆਦਿ ਵੀ ਤੁਹਾਡੇ ਸਪਰਸ਼ ਅਤੇ ਮੇਜ਼ਬਾਨੀ ਵੀ ਉਡੀਕਦੇ ਰਹਿੰਦੇ ਹਨ ਤੇ ਕੁਰਬਾਨੀ ਦੇਣ ਲਈ ਤਿਆਰ ਬੈਠੇ ਰਹਿੰਦੇ ਹਨ।
ਕਈ ਵਾਰ ਲਗਦਾ ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ….ਪਰ ਜਿਸ ਹਿਸਾਬ ਦੇ ਨਾਲ ਕੋਰੇ ਵਾਲਾ ਮੌਸਮ ਚੱਲ ਰਿਹਾ ਹੈ ਲਗਦਾ ਸਬਜ਼ੀਆਂ ਹੋਰ ਵੀ ਸੁੰਗੜ ਕੇ ਰਹਿ ਜਾਣੀਆਂ ਹਨ ਅਤੇ ਭਾਅ ਅਜੇ ਹੋਰ ਅਸਮਾਨੀ ਚੜ੍ਹਨਗੇ…..ਭਾਰਤੀ ਗਰੋਸਰੀ ਸਟੋਰਾਂ ਉਤੇ ਭਾਅ ਕਾਫੀ ਘੱਟ ਵੀ ਵੇਖੇ ਜਾ ਸਕਦੇ ਹਨ, ਜੋ ਕਿ ਭਾਰਤੀਆਂ ਨੂੰ ਰਾਹਤ ਜ਼ਰੂਰ ਦਿੰਦੇ ਹਨ। ਵੇਖ ਲਓ ਆਨ ਲਾਈਨ ਸੁਪਰ ਮਾਰਕੀਟਾਂ ਦੇ ਮੋਟੇ-ਮੋਟੇ ਭਾਅ