ਚੰਡੀਗੜ੍ਹ, 14 ਸਤੰਬਰ- ਪੰਜਾਬ ਰੋਡਵੇਜ਼/ ਪਨਬਸ/ ਪੀ. ਆਰ. ਟੀ. ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਵਿਭਾਗ ਵਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਅਤੇ ਸਰਕਾਰ ਵਲੋਂ ਅੱਜ ਦੀ ਮੀਟਿੰਗ ਤੋਂ ਭੱਜਣ ਦੇ ਰੋਸ ਵਜੋ ਪੰਜਾਬ ਭਰ ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੀ ਲੜੀ ਵਿੱਚ ਚੰਡੀਗੜ੍ਹ ਡਿਪੂ ਦੇ ਗੇਟ ਤੇ ਪੁਤਲਾ ਫੂਕ ਮੁਜਾਹਰਾ ਕੀਤਾ।
ਇਸ ਮੌਕੇ ਬੋਲਦਿਆਂ ਡਿਪੂ ਪ੍ਰਧਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯੂਨੀਅਨ ਨੂੰ 3 ਤੋਂ 4 ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਤੋਂ ਭੱਜ ਚੁੱਕੇ ਹਨ ਜਦੋਂਕਿ ਮੁਲਾਜਮ ਵਿਭਾਗ ਦੇ ਅਧਿਕਾਰੀਆਂ ਤੇ ਸਟੇਟ ਟ੍ਰਾਂਸਪੋਰਟ ਸੈਕਟਰੀ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ 15 ਤੋਂ 16 ਮੀਟਿੰਗਾਂ ਕਰ ਚੁੱਕੇ ਹਨ।
ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਮੁਲਾਜਮਾਂ ਵਲੋਂ ਸੰਘਰਸ਼ ਕਰਕੇ 30 ਫੀਸਦੀ ਤਨਖਾਹ ਵਾਧਾ ਅਤੇ ਹਰ ਸਾਲ 5 ਫੀਸਦੀ ਵਾਧਾ ਲਾਗੂ ਕਰਵਾਇਆ ਗਿਆ ਸੀ ਪ੍ਰੰਤੂ ਇੱਕ ਸਾਲ ਤੋਂ ਮੌਜੂਦਾ ਸਰਕਾਰ ਅਤੇ ਅਧਿਕਾਰੀ ਉਸ ਨੂੰ ਲਾਗੂ ਨਹੀਂ ਕਰ ਰਹੇ ਅਤੇ ਨੱਪੀ ਬੈਠੇ ਹਨ। ਇਸੇ ਤਰ੍ਹਾਂ ਫਾਰਗ ਕਰਮਚਾਰੀਆਂ ਨੂੰ ਬਹਾਲ ਕਰਨ ਲਈ ਹੋਏ ਫੈਸਲੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਮੰਨੀਆਂ ਮੰਗਾਂ ਨੂੰ ਜਾਣਬੁੱਝ ਕੇ ਲਾਗੂ ਨਾ ਕਰਕੇ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨਾਲ ਪਹਿਲਾਂ 25 ਅਗਸਤ ਅਤੇ ਫਿਰ 14 ਸਤੰਬਰ ਦੀ ਮੀਟਿੰਗ ਤੈਅ ਕੀਤੀ ਗਈ ਸੀ ਪਰੰਤੂ ਇਸ ਮੀਟਿੰਗ ਨੂੰ ਪੋਸਟਪੋਨ ਕਰਕੇ 29 ਸਤੰਬਰ ਤੇ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਕੱਲ ਅਮ੍ਰਿਤਸਰ ਰੈਲੀ ਲਈ 1064 ਦੇ ਕਰੀਬ ਪਨਬੱਸ ਅਤੇ ਪੀ ਆਰ ਟੀ ਸੀ ਦੀਆਂ ਸਰਕਾਰੀ ਬੱਸਾਂ ਵਰਤੀਆਂ ਗਈਆਂ ਹਨ ਅਤੇ ਕੱਚੇ ਮੁਲਾਜ਼ਮਾਂ ਨੂੰ ਸਿਆਸੀ ਰੈਲੀਆਂ ਤੇ ਲੋਕ ਲਿਜਾਣ ਸਮੇਂ ਹੀ ਯਾਦ ਕੀਤਾ ਜਾਂਦਾ ਹੈ। ਪ੍ਰੰਤੂ ਮੰਗਾਂ ਹੱਲ ਕਰਨ ਲਈ ਇਹਨਾਂ ਮੁਲਾਜ਼ਮਾਂ ਲਈ ਸਰਕਾਰ ਕੋਲ ਕੋਈ ਸਮਾਂ ਨਹੀਂ ਹੈ ਸਰਕਾਰ ਕਿਸੇ ਵੀ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੀ ਤੇ ਜਾਣ ਬੁੱਝ ਕੇ ਮੀਟਿੰਗਾਂ ਤੋਂ ਭੱਜ ਕੇ ਹੜਤਾਲ ਕਰਵਾਉਣਾ ਚਾਹੁੰਦੀ ਹੈ।
ਇਸ ਮੌਕੇ ਡੀਪੂ ਪ੍ਰਧਾਨ ਪਵਿੱਤਰ ਸਿੰਘ, ਸੈਕਟਰੀ ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਸਮੂਹ ਕੱਚੇ ਵਰਕਰਾਂ ਤੇ 5 ਵਾਧਾ ਹਰੇਕ ਸਾਲ ਅਤੇ ਘੱਟ ਤਨਖਾਹ ਵਾਲੇ ਵਰਕਰਾਂ ਤੇ 2500 ਤੇ 30 ਫੀਸਦੀ ਵਾਧਾ ਲਾਗੂ ਨਹੀਂ ਕੀਤਾ ਅਤੇ ਸ਼ਰਤਾਂ ਵਿੱਚ ਸੋਧ ਕਰਕੇ ਮੁਲਾਜ਼ਮਾਂ ਅਤੇ ਬਲੈਕਲਿਸਟ ਕੱਢੇ ਮੁਲਾਜਮਾਂ ਨੂੰ ਬਹਾਲ ਨਾ ਕੀਤਾ ਤਾਂ ਉਹ 20 ਤਰੀਕ ਤੋ ਪੱਨਬੱਸ ਤੇ ਪੀ ਆਰ ਟੀ ਸੀ ਦਾ ਚੱਕਾ ਜਾਮ ਕਰ ਦੇਣਗੇ ਅਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।