ਔਕਲੈਂਡ, 26 ਜੂਨ, 2020 : 2023 ਦੇ ਵਿਚ ਹੋਣ ਵਾਲਾ ਵੁਮੈਨਜ਼ ਫੁੱਟਬਾਲ ਵਰਲਡ ਕੱਪ’ ਬੀਤੇ ਕੱਲ੍ਹ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀ ਝੋਲੀ ਪੈ ਗਿਆ ਹੈ, ਜਿਸ ਕਰਕੇ ਇਥੇ ਦੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਦੋਵਾਂ ਮੁਲਕਾਂ ਦੇ ਵਿਚ ਇਹ ਕੱਪ ਸਾਂਝੇ ਰੂਪ ਵਿਚ ਕਰਵਾਇਆ ਜਾਵੇਗਾ ਤੇ ਅਰਥਚਾਰੇ ਨੂੰ ਵੱਡੀ ਸਹਾਇਤਾ ਮਿਲੇਗੀ। ਇਸ ਵਿਸ਼ਵ ਕੱਪ ਉਤੇ ਕੋਲੰਬੀਆ ਦੇਸ਼ ਵੀ ਆਪਣਾ ਦਾਅਵਾ ਪੇਸ਼ ਕਰ ਰਿਹਾ ਸੀ, ਪਰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਹਿੱਸੇ ਜਿਆਦਾ ਵੋਟਾਂ ਆਈਆਂ ਅਤੇ ਇਹ ਦੋਵੇਂ ਦੇਸ਼ ਮੇਜ਼ਵਾਨ ਬਣ ਗਏ। ਫੀਫਾ ਦੇ ਕੁੱਲ 37 ਮੈਂਬਰਾਂ ਨੇ ਵੋਟ ਪਾਉਣੀ ਸੀ ਪਰ 35 ਵੋਟਾਂ ਹੀ ਪਈਆਂ। ਨਿਊਜ਼ੀਲੈਂਡ-ਆਸਟਰੇਲੀਆ ਨੇ 5 ਤਕਨੀਕੀ ਨੰਬਰਾਂ ਵਿਚੋਂ 4.1 ਨੰਬਰ ਹਾਸਿਲ ਕੀਤੇ ਸਨ। ਭਾਰਤ ਤੋਂ ਫੀਫਾ ਕੌਂਸਿਲ ਮੈਂਬਰ ਅਤੇ ਕਾਂਗਰਸੀ ਰਾਜ ਸਭਾ ਮੈਂਬਰ ਪ੍ਰਫੁੱਲ ਪਟੇਲ ਨੇ ਵੀ ਆਸਟਰੇਲੀਆ ਨਿਊਜ਼ੀਲੈਂਡ ਦੇ ਹੱਕ ਵਿਚ ਵੋਟ ਪਾਈ। ‘ਸਵਾਦ’ ਨਾਂਅ ਦੇ ਨਮਕੀਨ ਵੀ ਇਨ੍ਹਾਂ ਦੀ ਕੰਪਨੀ ਹੀ ਵੇਚਦੀ ਹੈ। ਅਮਰੀਕਾ ਦੇ ਵਿਚ ਸੌਕਰ ਫੈਡਰੇਸ਼ਨ ਦੇ 12 ਸਾਲ ਪ੍ਰਧਾਨ ਰਹੇ ਅਤੇ ਫੀਫਾ ਕੌਂਸਿਲ ਦੇ ਮੈਂਬਰ ਸਸੁਨੀਲ ਗੁਲਾਟੀ (ਅਲਾਹਾਬਾਦ ਨਾਲ ਪਿਛੋਕੜ) ਨੇ ਵੀ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਵਿਚ ਵੁਮੈਨਜ਼
ਵਰਲਡ ਕੱਪ ਕਰਵਾਉਣ ਲਈ ਆਪਣੀ ਵੋਟ ਪਾਈ। ਫੀਜ਼ੀ ਮੂਲ ਦੇ ਫੀਫਾ ਕੌਂਸਿਲ ਮੈਂਬਰ ਰਾਜੇਸ਼ ਪਟੇਲ ਨੇ ਵੀ ਆਸਟਰੇਲੀਆ-ਨਿਊਜ਼ੀਲੈਂਡ ਲਈ ਵੋਟ ਪਾਈ।
ਭਾਰਤ ਦੇ ਵਿਚ ਕੁੜੀਆਂ ਦੇ ਫੁੱਟਬਾਲ ਦੀ ਪਨੀਰੀ 1970 ਦੇ ਵਿਚ ਬੀਜੀ ਗਈ ਗਈ, ਜੋ ਸਮਾਂ ਪਾ ਕੇ ਅੰਤਰਰਾਸ਼ਟਰੀ ਪੱਧਰ ਉਤੇ ਤਾਂ ਪਹੁੰਚੀ ਪਰ ਅਜੇ ਤੱਕ ਫੀਫਾ ਵਿਸ਼ਵ ਕੱਪ ਵਾਸਤੇ ਕੁਆਲੀਫਾਈ ਨਹੀਂ ਕਰ ਸਕੀ। ਏ. ਐਫ. ਸੀ. ਵੁਮੈਨਜ਼ ਏਸ਼ੀਅਨ ਕੱਪ ਦੇ ਵਿਚ ਜਰੂਰ ਭਾਰਤ ਦੀਆਂ ਕੁੜੀਆਂ ਦੀ ਫੁੱਟਬਾਲ ਟੀਮ 1979 ਦੇ ਵਿਚ ਦੂਜੇ ਨੰਬਰ, 1981 ਦੇ ਵਿਚ ਤੀਜੇ ਨੰਬਰ ਅਤੇ 1983 ਦੇ ਵਿਚ ਫਿਰ ਦੂਜੇ ਨੰਬਰ ਉਤੇ ਰਹੀ। ਇਸ ਤੋਂ ਬਾਅਦ ਉਨ੍ਹਾਂ ਜਾਂ ਤਾਂ ਭਾਗ ਨਹੀਂ ਲਿਆ ਜਾਂ ਫਿਰ ਕੁਆਲੀਫਾਈ ਨਹੀਂ ਕਰ ਸਕੀਆਂ। ਹੁਣ 2022 ਦੇ ਵਿਚ ਇੰਡੀਆ ‘ਚ ਕੱਪ ਹੋਣਾ ਹੈ ਅਤੇ ਦੁਬਾਰਾ ਖੇਡਣਗੀਆਂ। ਭਾਰਤੀ ਕੁੜੀਆਂ ਦਾ ਵਿਸ਼ਵ ਰੈਂਕਿੰਗ ਦੇ ਵਿਚ ਇਸ ਵੇਲੇ 55 ਦੇ ਕਰੀਬ ਨੰਬਰ ਹੈ। ਇਸ ਟੀਮ ਨੂੰ ‘ਬਲੂ ਟਾਈਗ੍ਰੈਸਸ’ (ਨੀਲੇ ਰੰਗ ਦੀਆਂ ਸ਼ੇਰਨੀਆ) ਕਿਹਾ ਜਾਂਦਾ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਸਾਰਾ ਪ੍ਰਬੰਧਨ ਕਰਦੀ ਹੈ ਤੇ ਇਹ ਏਸ਼ੀਆ ਕੰਨਫੈਡਰੇਸ਼ਨ ਦੀ ਮੈਂਬਰ ਹੈ। ‘ ਟੀਮ ਦੀ ਕੈਪਟਨ ਲੋਇਟੋਂਗਬਾਮ ਅਸ਼ਲਾਟਾ ਦੇਵੀ (ਮਨੀਪੁਰ) ਹੈ। ਸੋ 2023 ਦੇ ਵਿਚ ਨਿਕੇ ਜਿਹੇ ਦੇਸ਼ ਨਿਊਜ਼ੀਲੈਂਡ ਦੇ ਵਿਚ ਵੱਡੇ ਮੁਕਾਬਲੇ ਹੋਣਗੇ।